ਲੁਧਿਆਣਾ, 8 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਪਰਮ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪਸਾਰ ਲਈ ਆਰੰਭੇ ਕਾਰਜਾਂ ਤਹਿਤ 34ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 11, ਤੋਂ 14 ਦਸੰਬਰ ਦਿਨ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਨ੍ਹਾਂ ਤਿਆਰੀਆਂ ਜਾਇਜ਼ਾ ਖੁਦ ਸੰਤ ਗਿਆਨੀ ਅਮੀਰ ਸਿੰਘ ਨੇ ਲਿਆ | 'ਅਦੁੱਤੀ ਗੁਰਮਤਿ ਸੰਗੀਤ' ਸੰਮੇਲਨ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਗਿਆਨੀ ਅਮੀਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਰਹੇਗਾ | ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਸਲੋਕ ਮਹਲਾ ਨੌਵਾਂ ਦਾ ਰਾਗ ਆਤਮਕ ਕੀਰਤਨ ਹੋਵੇਗਾ | ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੌਰਾਨ ਸਿੰਘ ਸਾਹਿਬਾਨ, ਸਿੱਖ ਕੌਮ ਦੀਆਂ ਮਹਾਨ ਸ਼ਖਸੀਅਤਾਂ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਗੁਰਮਤਿ ਸੰਗੀਤ ਦੇ ਮਾਹਰ ਉਸਤਾਦ ਕੀਰਤਨੀਏ ਪੰਥ ਪ੍ਰਸਿੱਧ ਕਥਾਵਾਚਕ ਅਤੇ ਢਾਡੀ ਜਥੇ ਵੀ ਸ਼ਮੂਲੀਅਤ ਕਰਨਗੇ | ਸਮਾਗਮ ਦੇ ਆਖਰੀ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਜੀਵਨ ਬਾਣੀ ਤੇ ਸ਼ਹਾਦਤ ਵਿਸ਼ੇ 'ਤੇ ਇਕ ਪੁਸਤਕ ਰਿਲੀਜ਼ ਹੋਵੇਗੀ | ਉਸ ਦਿਨ ਹੀ ਡਾ: ਇੰਦਰਜੀਤ ਸਿੰਘ ਗੋਗਆਣੀ, ਡਾ: ਸਰਬਜਿੰਦਰ ਸਿੰਘ, ਡਾ: ਸੁਖਦਿਆਲ ਸਿੰਘ, ਡਾ: ਅਨੁਰਾਗ ਸਿੰਘ, ਡਾ: ਕਰਮਜੀਤ ਸਿੰਘ ਵਾਈਸ ਚਾਂਸਲਰ ਅਤੇ ਡਾਕਟਰ ਕੇਸੀ ਸਿੰਘ ਆਦਿ ਵਿਦਵਾਨਾਂ ਨੂੰ ਉਨ੍ਹਾਂ ਦੀਆਂ ਵਡਮੁੱਲੀਆਂ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ |