ਲੁਧਿਆਣਾ, 8 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਜਲੰਧਰ ਸੜਕ 'ਤੇ ਲਾਡੋਵਾਲ ਨੇੜੇ ਸਥਿਤ ਟੋਲ ਪਲਾਜ਼ਾ 'ਤੇ ਬੀਤੇ ਦਿਨ ਚਲੀ ਗੋਲੀ ਦੇ ਮਾਮਲੇ ਵਿਚ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਕਵਲਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਅੰਮਿ੍ਤ ਪਾਲ ਸਿੰਘ, ਅਦਿਤਿਆ ਮੋਹਨ ਅਤੇ ਸਤਨਾਮ ਸਿੰਘ ਸ਼ਾਮਿਲ ਹਨ | ਇਹਨਾਂ ਦੀ ਉਮਰ 24-25 ਸਾਲ ਦੇ ਕਰੀਬ ਹੈ | ਇਹ ਸਾਰੇ ਬਟਾਲਾ ਦੇ ਨੇੜੇ ਦੇ ਰਹਿਣ ਵਾਲੇ ਹਨ | ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਪਟਿਆਲਾ ਵਿਆਹ 'ਤੇ ਗਏ ਸਨ ਅਤੇ ਦੇਰ ਰਾਤ ਪਟਿਆਲਾ ਤੋਂ ਵਾਪਸ ਬਟਾਲਾ ਜਾ ਰਹੇ ਸਨ ਕਿ ਟੋਲ ਪਲਾਜ਼ਾ 'ਤੇ ਟੋਲ ਦੀ ਪਰਚੀ ਨੂੰ ਲੈ ਕੇ ਇਹਨਾਂ ਦੀ ਬਹਿਸ ਟੋਲ ਮੁਲਾਜ਼ਮਾਂ ਨਾਲ ਹੋ ਗਈ | ਉਨ੍ਹਾਂ ਦੱਸਿਆ ਕਿ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਹੋਈ ਬਹਿਸ ਉਸ ਵਕਤ ਗੰਭੀਰ ਰੂਪ ਧਾਰਨ ਕਰ ਗਈ, ਜਦੋਂ ਕਿ ਦੋਵਾਂ ਧਿਰਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ | ਉਨ੍ਹਾਂ ਦੱਸਿਆ ਕਿ ਇਸ ਲੜਾਈ ਵਿਚ ਅਦਿਤਿਆ ਮੋਹਨ ਅਤੇ ਸਤਨਾਮ ਸਿੰਘ ਦੇ ਵੀ ਗੰਭੀਰ ਸੱਟਾ ਲੱਗੀਆਂ ਹਨ | ਉਨ੍ਹਾਂ ਦੱਸਿਆ ਕਿ ਉੱਥੇ ਇਹਨਾਂ ਨੌਜਵਾਨਾਂ ਵਲੋਂ ਗੋਲੀ ਚਲਾ ਦਿੱਤੀ ਗਈ ਅਤੇ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਨੇ ਹਾਲ ਦੀ ਘੜੀ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਦਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵਲੋਂ ਵੀ ਇਹਨਾਂ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਟੋਲ ਮੁਲਾਜ਼ਮਾਂ ਦੀ ਇਸ ਲੜਾਈ ਦੇ ਮਾਮਲੇ ਵਿਚ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |