ਲੁਧਿਆਣਾ, 3 ਦਸੰਬਰ (ਜਤਿੰਦਰ ਭੰਬੀ)-ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ ਫੈਡਰੇਸਨ (ਫਿਕੋ) ਨੇ ਚੰਡੀਗੜ੍ਹ ਵਿਖੇ ਭਾਰਤ ਸਰਕਾਰ ਦੇ ਵਿਕਾਸ ਕਮਿਸ਼ਨਰ (ਐਮ.ਐਸ.ਐਮ.ਈ.) ਦੁਆਰਾ ਆਯੋਜਿਤ ਭਾਰਤ ਵਿਚ ਐਮ.ਐਸ.ਐਮ.ਈ. ਦੀ ਲਾਗਤ ਅਤੇ ਮੁਕਾਬਲੇਬਾਜ਼ੀ 'ਤੇ ਜੋਨਲ ਕਾਨਫਰੰਸ ਵਿਚ ਹਿੱਸਾ ਲਿਆ | ਕਾਨਫਰੰਸ ਦਾ ਮੁੱਖ ਉਦੇਸ਼ ਪੂਰੇ ਭਾਰਤ ਵਿਚ ਐਮ.ਐਸ.ਐਮ.ਈ. ਸੈਕਟਰ ਨੂੰ ਉੱਚਾ ਚੁੱਕਣ ਅਤੇ ਮਜ਼ਬੂਤ ਕਰਨ ਲਈ ਕੀਮਤੀ ਇਨਪੁਟ ਅਤੇ ਸੁਝਾਅ ਇਕੱਠੇ ਕਰਨਾ ਸੀ | ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਹੇਠ ਆਈ ਐਮ.ਐਸ.ਐਮ.ਈ. ਆਫ ਇੰਡੀਆ ਦੇ ਚੇਅਰਮੈਨ ਰਾਜੀਵ ਚਾਵਲਾ ਦੇ ਨਾਲ ਟੀਮ ਫਿਕੋ ਨੇ ਚਰਚਾਵਾਂ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਐਮ.ਐਸ.ਐਮ.ਈ ਦੀ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣ ਲਈ ਮੁੱਖ ਸੂਝਾਂ ਸਾਂਝੀਆਂ ਕੀਤੀਆਂ | ਉਨ੍ਹਾਂ ਸੁਝਾਅ ਦਿੱਤਾ ਕਿ ਭਾਰਤ ਵਿਚ ਐਮ.ਐਸ.ਐਮ.ਈ. ਸੈਕਟਰ ਵਿਚ ਵਰਤੀ ਜਾ ਰਹੀ ਨਿਰਮਾਣ ਤਕਨਾਲੋਜੀ ਬਹੁਤ ਪੁਰਾਣੀ ਹੈ, ਜਿੱਥੇ ਗਲੋਬਲ ਨਿਰਮਾਣ ਬਹੁਤ ਅੱਗੇ ਹੈ, ਸਰਕਾਰ ਨੂੰ ਭਾਰਤ ਵਿਚ ਇਸ ਸੈਕਟਰ ਨੂੰ ਹੁਲਾਰਾ ਦੇਣ ਲਈ ਤਕਨਾਲੋਜੀ ਟ੍ਰਾਂਸਫਰ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ | ਸ਼ੈਸਨ ਤੋਂ ਇਕ ਮੁੱਖ ਸਿੱਟਾ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੁਆਰਾ ਇਕ ਛੋਟੀ ਕੰਪਨੀ ਦੀ ਸੋਧੀ ਹੋਈ ਪਰਿਭਾਸ਼ਾ ਦੇ ਸੰਬੰਧ ਵਿਚ ਸਾਂਝਾ ਕੀਤਾ ਗਿਆ ਮਹੱਤਵਪੂਰਨ ਅਪਡੇਟ ਸੀ | ਇਸ ਮੌਕੇ ਰਾਜੀਵ ਜੈਨ ਸੀਨੀਅਰ ਉਪ ਪ੍ਰਧਾਨ ਫਿਕੋ, ਰਘਬੀਰ ਸਿੰਘ ਸੋਹਲ ਮੁਖੀ ਪਲਾਈਵੁੱਡ ਡਿਵੀਜਨ ਫਿਕੋ ਸ਼ਾਮਿਲ ਸਨ |