ਲੁਧਿਆਣਾ, 20 ਨਵੰਬਰ (ਜਸਵਿੰਦਰ ਸਿੰਘ)-ਐਸ.ਡੀ.ਪੀ. ਸਭਾ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਰਾਜ ਕੁਮਾਰ ਭਸੀਨ ਦੀ ਅਗਵਾਈ ਹੇਠ ਐਸ.ਡੀ.ਪੀ. ਕਾਲਜ ਫ਼ਾਰ ਵੁਮੈਨ ਦੇ ਪੰਜਾਬੀ ਵਿਭਾਗ ਦੁਆਰਾ 'ਪੰਜਾਬੀ ਸਪਤਾਹ' ਮਨਾਇਆ ਗਿਆ | ਹਫ਼ਤੇ ਦਾ ਮੁੱਖ ਏਜੰਡਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਨਾ ਸੀ | ਹਫ਼ਤੇ ਦੀ ਸ਼ੁਰੂਆਤ ਗੁਰਪੁਰਬ ਦੇ ਨਾਲ ਹੀ ਹੋਈ | ਸਾਰੀਆਂ ਵਿਦਿਆਰਥਣਾਂ ਅਤੇ ਫੈਕਲਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਪਵਿੱਤਰ ਭਜਨ ਅਤੇ ਭਗਤੀ ਗੀਤ ਗਾ ਕੇ ਮਨਾਇਆ | ਵਿਦਿਆਰਥਣਾਂ ਨੇ ਹਫ਼ਤੇ ਭਰ ਕਾਵਿ ਪਾਠ, ਰਚਨਾਤਮਿਕ ਲੇਖਣ, ਪੰਜਾਬੀ ਕੈਲੀਗ੍ਰਾਫੀ ਅਤੇ ਵਿਰਾਸਤੀ ਖੇਡਾਂ ਆਦਿ ਵਰਗੇ ਵੱਖ-ਵੱਖ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਸਮਾਪਤੀ ਦਿਨ ਉੱਘੀ ਸ਼ਖਸੀਅਤ ਡਾ. ਜਗਵਿੰਦਰ ਜੋਧਾ, ਪੰਜਾਬੀ ਸੰਪਾਦਕ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ''ਸ੍ਰੀ ਗੁਰੂ ਤੇਗ ਬਹਾਦਰ ਸਾਹਿਬ: ਜੀਵਨ, ਕੁਰਬਾਨੀ ਅਤੇ ਦਰਸ਼ਨU ਵਿਸ਼ੇ 'ਤੇ ਇਕ ਗਿਆਨ ਭਰਪੂਰ ਐਕਸਟੈਨਸ਼ਨ ਲੈਕਚਰ ਦਿੱਤਾ ਗਿਆ | ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਗੁਰੂ ਸਾਹਿਬ ਦੀ ਜੀਵਨ ਯਾਤਰਾ ਦਾ ਸਪੱਸ਼ਟ ਰੂਪ ਵਿਚ ਵਰਣਨ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ''ਹਿੰਦ ਦੀ ਚਾਦਰU ਵਜੋਂ ਜਾਣਿਆ ਅਤੇ ਨਾਲ ਹੀ ਉਨ੍ਹਾਂ ਦੇ ''ਧਾਰਮਿਕ ਸਮਾਨਤਾ' ਦੇ ਵਿਚਾਰ 'ਤੇ ਚਾਨਣਾ ਪਾਇਆ, ਜਿਸ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ | ਡਾ. ਰੰਜਨਾ ਸੂਦ, ਕਾਰਜਕਾਰੀ ਪਿ੍ੰਸੀਪਲ ਨੇ ਪੰਜਾਬੀ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਪੰਜਾਬ, ਪੰਜਾਬੀ ਸਭਿਆਚਾਰ ਅਤੇ ਸਾਹਿੱਤ ਦੇ ਇਤਿਹਾਸ ਵਿਚ ਸਿੱਖ ਗੁਰੂਆਂ ਦੀ ਭੂਮਿਕਾ ਬਾਰੇ ਸ਼ਲਾਘਾ ਕੀਤੀ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਅਜਿਹੇ ਸਭਿਆਚਾਰਕ ਸਮਾਗਮਾਂ ਵਿਚ ਹਿੱਸਾ ਲੈਣ ਅਤੇ ਆਪਣੀ ਮਾਤ ਭਾਸ਼ਾ 'ਤੇ ਮਾਣ ਕਰਨ ਲਈ ਵੀ ਪ੍ਰੇਰਿਤ ਕੀਤਾ |