ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸ਼੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਥਾ ਅਤੇ ਕੀਰਤਨ ਸਮਾਗਮ ਤੇ ਕਵੀ ਦਰਬਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਦੀਆਂ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ 21 ਤੋਂ 25 ਨਵੰਬਰ ਤੱਕ ਬੜੀ ਸ਼ਰਧਾ ਭਾਵਨਾ ਨਾਲ ਕਰਵਾਏ ਜਾ ਰਹੇ ਹਨ | ਇਬ ਜਾਣਕਾਰੀ ਦਿੰਦਿਆਂ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਨ੍ਹਾਂ ਸਮਾਗਮ ਵਿਚ ਪੁੱਜ ਰਹੇ ਪੰਥ ਪ੍ਰਸਿੱਧ ਪ੍ਰਚਾਰਕ ਅਤੇ ਪੰਥ ਪ੍ਰਸਿੱਧ ਰਾਗੀ ਜੱਥੇ 21 ਤੋਂ 25 ਤੱਕ ਕੀਰਤਨ ਦੀਆਂ ਛਹਿਬਰਾਂ ਲਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ | 21 ਦਿਨ ਸ਼ੁਕਰਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੀਬੀਆਂ ਦੇ ਪ੍ਰੋਗਰਾਮ 'ਚ 350 ਬੀਬੀਆਂ ਇਕੱਠੀਆਂ ਸਟੇਜ 'ਤੇ ਬੈਠਕੇ ਕੀਰਤਨ ਦੀ ਸੇਵਾ ਕਰਨਗੀਆਂ, ਜਿਸ ਦਾ ਸਮਾਂ ਦੁਪਹਿਰ 12 ਵਜੇ ਤੋਂ ਸ਼ਾਮ 4:30 ਤੱਕ ਹੋਵੇਗਾ ਅਤੇ ਪੰਥ ਪ੍ਰਸਿੱਧ ਸ਼ਖਸੀਅਤਾਂ ਪੁਜਣਗੀਆਂ | 22 ਨਵੰਬਰ ਦਿਨ ਸ਼ਨੀਵਾਰ ਨੂੰ ਗਿਆਨੀ ਹਰਜੀਤ ਸਿੰਘ ਲੁਧਿਆਣੇ ਵਾਲੇ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਜਾਣੂ ਕਰਵਾਉਣਗੇ ਅਤੇ 23 ਨਵੰਬਰ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਮਹਾਨ ਕਵੀ ਦਰਬਾਰ ਕਰਵਾਇਆ ਜਾਂ ਰਿਹਾ ਹੈ, ਜਿਸ ਵਿਚ ਪੰਥ ਪ੍ਰਸਿੱਧ ਕਵੀ ਭਾਈ ਰਛਪਾਲ ਸਿੰਘ ਪਾਲ, ਕਵੀ ਕਰਮਜੀਤ ਸਿੰਘ ਨੂਰ, ਕਵੀ ਜਮੀਰ ਅਲੀ ਜਮੀਰ ਮਾਲੇਰਕੋਟਲਾ ਅਤੇ ਪੰਥਕ ਕਵੀ ਚੈਨ ਸਿੰਘ ਸੰਗਤਾਂ ਨੂੰ ਕਵਿਤਾਵਾਂ ਰਾਹੀਂ ਨਿਹਾਲ ਕਰਨਗੇ | 24 ਨਵੰਬਰ ਦਿਨ ਸੋਮਵਾਰ ਨੂੰ ਪੰਥ ਪ੍ਰਸਿੱਧ ਰਾਗੀ ਪੁਸ਼ਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ | 25 ਨਵੰਬਰ ਦਿਨ ਮੰਗਲਵਾਰ ਨੂੰ ਸਵੇਰ ਅੰਮਿ੍ਤ ਵੇਲੇ ਤੋਂ ਹੀ ਗੁਰਬਾਣੀ ਦੇ ਪ੍ਰਵਾਹ ਆਰੰਭ ਹੋ ਜਾਣਗੇ ਅਤੇ ਦੇਰ ਰਾਤ ਤੱਕ ਚੱਲਣਗੇ |