17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪੰਚਾਂ-ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ <br/>

ਅਜੀਤ ਡੈਸਕ 21-11-2025
ਲੁਧਿਆਣਾ, 20 ਨਵੰਬਰ (ਜਤਿੰਦਰ ਭੰਬੀ)-ਪੰਚਾਂ-ਸਰਪੰਚਾਂ ਦਾ ਕਿਹਾ, 'ਸਿਰ ਮੱਥੇ-ਪਰਨਾਲਾ ਉਥੇ ਦਾ ਉਥੇ' ਕਹਾਵਤ ਅਨੁਸਾਰ ਡਾਇੰਗ ਮਿਲ ਪ੍ਰਬੰਧਕਾਂ ਵਲੋਂ ਬੇਪ੍ਰਵਾਹ ਹੋ ਕੇ ਪਾਬੰਦੀਸ਼ੁਦਾ ਬਾਲਣ ਜਲਾਇਆ ਜਾ ਰਿਹਾ ਹੈ, ਜਿਸ ਦਾ ਜਿੱਥੇ ਲੋਕਾਂ ਦੀ ਸਿਹਤ 'ਤੇ ਤਾਂ ਮਾੜਾ ਅਸਰ ਪੈ ਹੀ ਰਿਹਾ ਹੈ, ਉਥੇ ਹੀ ਇਸ ਮਾਮਲੇ ਨੂੰ ਲੈ ਕੇ ਸਬੰਧਿਤ ਵਿਭਾਗ ਦੀ ਵੀ ਕਿਰਕਰੀ ਹੋ ਰਹੀ ਹੈ ਅਤੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਹਨ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਇਹ ਸਭ ਕੁੱਝ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮਿਲੀ ਭੁਗਤ ਨਾਲ ਹੀ ਚੱਲ ਰਿਹਾ ਹੈ | ਸਾਰੇ ਕਾਇਦੇ ਕਾਨੂੰਨ ਨੂੰ ਛਿੱਕੇ ਟੰਗ ਕੇ ਡਾਇੰਗ ਮਿਲਾਂ ਦੇ ਮਾਲਕ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ, ਜੋ ਕਿ ਬੁੱਢੇ ਨਾਲੇ ਦੇ ਪਾਣੀ ਨੂੰ ਗੰਧਲਾ ਕਰਨ ਤੋਂ ਬਾਜ਼ ਨਹੀਂ ਆ ਰਹੇ | ਜੇਕਰ ਦੇਖਿਆ ਜਾਵੇ ਤਾਂ ਪਿਛਲੇ ਦਿਨਾਂ ਤੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਵੱਖ-ਵੱਖ ਸਮਾਜ ਸੇਵੀ ਸੰਗਠਨਾਂ ਦੇ ਨਾਲ-ਨਾਲ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਲਗਾਤਾਰ ਡਾਇੰਗ ਯੂਨਿਟਾਂ ਵਲੋਂ ਪੈਦਾ ਕੀਤੇ ਜਾ ਰਹੇ ਕੈਮੀਕਲ ਯੁਕਤ ਪਾਣੀ ਅਤੇ ਮਾਰੂ ਪ੍ਰਦੂਸ਼ਣ ਦੇ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਬੁੱਢੇ ਦਰਿਆ ਦੇ ਪਾਣੀ ਨੂੰ ਸਾਫ਼ ਬਣਾਉਣ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਹਨ, ਪਰ ਇਸ ਸਭ ਦੇ ਬਾਵਜੂਦ ਵੀ ਬੁੱਢੇ ਦਰਿਆ ਨੇੜੇ ਤਾਜਪੁਰ ਰੋਡ, ਰਾਹੋਂ ਰੋਡ, ਬਹਾਦਰਕੇ ਰੋਡ ਅਤੇ ਫੋਕਲ ਪੁਆਇੰਟ ਦੇ ਇਲਾਕੇ 'ਚ ਕਥਿਤ ਤੌਰ 'ਤੇ ਗੈਰ ਕਾਨੂੰਨੀ ਤਰੀਕੇ ਨਾਲ ਬਿਨਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕੰਨਸੈਂਟ ਦੇ ਚਲਾਈਆਂ ਜਾ ਰਹੀਆਂ ਡਾਇੰਗ ਮਿਲਾਂ ਦੇ ਪ੍ਰਬੰਧਕਾਂ ਵਲੋਂ ਨਿਯਮਾਂ ਦਾ ਉਲੰਘਣ ਕਰਕੇ ਪਾਬੰਦੀਸ਼ੁਦਾ ਬਾਲਣ ਦੀ ਵਰਤੋਂ ਸ਼ਰੇਆਮ ਕੀਤੀ ਜਾ ਰਹੀ ਹੈ | ਇਸ ਪਾਬੰਦੀਸ਼ੁਦਾ ਬਾਲਣ ਦੀ ਵਰਤੋਂ ਕਰਨ ਅਤੇ ਡਾਇੰਗ ਯੂਨਿਟਾਂ 'ਚ ਏਅਰ ਫ਼ਿਲਟਰ ਨਾ ਲਗਾਉਣ ਕਾਰਨ ਉਡ ਰਹੀ ਕਾਲੀ ਦਾਣੇਦਾਰ ਸੁਆਹ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਕਿਉਂਕਿ ਮਿਲਾਂ 'ਚੋਂ ਉਡ ਰਹੀ ਇਹ ਕਾਲੀ ਸੁਆਹ ਆਸ-ਪਾਸ ਦੇ ਇਲਾਕਿਆਂ 'ਚ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੀ ਹੈ ਅਤੇ ਘਰਾਂ ਦੀਆਂ ਛੱਤਾਂ 'ਤੇ ਸੁੱਕਣੇ ਪਾਏ ਕੱਪੜਿਆਂ 'ਤੇ ਡਿਗਦੀ ਹੈ | ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਗਹਿਰੀ ਨੀਂਦ ਦਾ ਫ਼ਾਇਦਾ ਚੁੱਕ ਕੇ ਡਾਇੰਗ ਮਿਲਾਂ ਵਲੋਂ ਬੇਖ਼ੌਫ ਪਾਬੰਦੀਸ਼ੁਦਾ ਬਾਲਣ ਜਲਾਏ ਜਾਣ ਕਾਰਨ ਕਾਲੀ ਦਾਣੇਦਾਰ ਸੁਆਹ ਦੋਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿਚ ਵੀ ਪੈ ਰਹੀ ਹੈ | ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਨੀਂਦ ਦਾ ਹਾਲ ਤਾਂ ਇਹ ਹੈ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਕਈ ਵਾਰ ਸ਼ਰੇਆਮ ਝਾੜ ਝੰਬ ਕਰਨ ਦੇ ਬਾਅਦ ਵੀ ਨੀਂਦ ਤੋਂ ਬਾਹਰ ਆਉਣ ਲਈ ਤਿਆਰ ਨਹੀਂ ਹਨ ਅਤੇ ਨਿਯਮਾਂ ਦਾ ਉਲੰਘਣ ਕਰਨ ਵਾਲੇ ਡਾਇੰਗ ਯੂਨਿਟਾਂ ਉਪਰ ਕਾਰਵਾਈ ਕਰਨ ਦੀ ਥਾਂ ਸ਼ਿਕਾਇਤ ਕਰਨ ਵਾਲੇ ਲੋਕਾਂ ਕੋਲੋਂ ਹੀ ਅਜਿਹੇ ਡਾਇੰਗ ਮਿਲਾਂ ਦਾ ਪਤਾ ਪੁੱਛ ਕੇ ਡੰਗ ਸਾਰ ਦਿੰਦੇ ਹਨ, ਜਿਸ ਕਾਰਨ ਹੁਣ ਦੁਖੀ ਹੋਏ ਲੋਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੀ ਬਜਾਏ ਚੁੱਪ ਰਹਿਣ ਲਈ ਹੀ ਮਜਬੂਰ ਹਨ, ਕਿਉਂਕਿ ਹੁਣ ਲੋਕ ਸਮਝ ਚੁੱਕੇ ਹਨ ਕਿ ਅਧਿਕਾਰੀਆਂ ਕੋਲੋਂ ਕਾਰਵਾਈ ਦੀ ਉਮੀਦ ਰੱਖਣਾ ਸਮਝਦਾਰੀ ਨਹੀਂ ਹੈ | ਇਸ ਸਬੰਧ 'ਚ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਖੀ ਰਾਜ ਕੁਮਾਰ ਰੱਤੜਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |
ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਹੋਵੇ ਕਾਰਵਾਈ-ਬੈਨੀਪਾਲ
ਇਸ ਸਬੰਧੀ ਵਾਤਾਵਰਣ ਪ੍ਰੇਮੀ ਅਤੇ ਪੀ.ਏ.ਸੀ. ਦੇ ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਅਸੀਂ ਸਮੇਂ-ਸਮੇਂ ਸਿਰ ਜਿੱਥੇ ਵਾਤਾਵਰਣ ਪ੍ਰੇਮੀਆਂ ਨੂੰ ਜਾਗਰੂਕਤਾ ਲਈ ਹਲੂਣਾ ਦਿੰਦੇ ਰਹਿੰਦੇ ਹਾਂ, ਉਥੇ ਹੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਜ਼ਿੰਮੇਵਾਰੀ ਲਈ ਵੀ ਸੁਚੇਤ ਕਰਦੇ ਰਹਿੰਦੇ ਹਾਂ, ਪਰ ਉਨ੍ਹਾਂ ਦੀ ਸਿਹਤ 'ਤੇ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ | ਇਸ ਕਰਕੇ ਇਹ ਸਾਰੇ ਮਾਮਲੇ ਨੂੰ ਦੇਖਦੇ ਹੋਏ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਣੀ ਬਣਦੀ ਹੈ ਤਾਂ ਕਿ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ |

ਪਿਛਲੀ ਖ਼ਬਰ ਅਰਬਨ ਕਮਿਊਨਿਟੀ ਹੈਲਥ ਸੈਂਟਰ ਜਵੱਦੀ ਵਿਖੇ ਵਿਸ਼ਵ ਰੇਡੀਓਲੌਜੀ ਦਿਵਸ ਮਨਾਇਆ <br/> ਅਗਲੀ ਖ਼ਬਰ ਖੁੱਲ੍ਹੇ 'ਚ ਕੂੜਾ ਸੁੱਟਣ ਵਾਲੇ 42 ਲੋਕਾਂ ਦੇ ਕੀਤੇ ਚਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।