ਲੁਧਿਆਣਾ, 7 ਨਵੰਬਰ (ਜਤਿੰਦਰ ਭੰਬੀ)- ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦਾ ਪੱਲੜਾ ਭਾਰੀ ਦੇਖਦੇ ਹੋਏ ਆਪ ਅਕਾਲੀ ਭਾਜਪਾ ਸਰਕਾਰ ਦਾ ਗੁਮਰਾਹਕੁਨ ਪ੍ਰਚਾਰ ਤਰਨਤਾਰਨ ਹਲਕੇ ਦੇ ਸੂਝਵਾਨ, ਦੂਰ-ਅੰਦੇਸ਼ੀ ਸੋਚ ਦੇ ਵੋਟਰਾਂ ਦਾ ਇਰਾਦਾ ਬਦਲ ਨਹੀਂ ਸਕਦਾ ਹੈ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਤਰਨਤਾਰਨ ਹਲਕੇ ਦੀਆਂ ਚੋਣਾ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਨੇਤਾ ਕਿ੍ਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਕੀਤਾ | ਬਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਹੈ ਜੋ ਸਭ ਧਰਮਾਂ, ਜਾਤੀਆਂ, ਭਾਸ਼ਾਵਾਂ ਦਾ ਬਰਾਬਰ ਸਤਿਕਾਰ ਕਰਦੀ ਹੈ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਲੋਂ ਪਛੜੀਆਂ ਸ਼੍ਰੇਣੀਆਂ ਲਈ ਸਿਆਸੀ ਸੱਤਾ ਵਿਚ ਹਿੱਸੇ ਦੀ ਵਕਾਲਤ ਕਰਨਾ, ਉਨ੍ਹਾਂ ਦਾ ਭਾਰਤ ਦੇ ਪਛੜੇ ਵਰਗ ਪ੍ਰਤੀ ਸਨੇਹ, ਹਮਦਰਦੀ ਅਤੇ ਪਿਆਰ ਦੀ ਨਿਸ਼ਾਨੀ ਹੈ | ਬਾਵਾ ਨੇ ਕਿਹਾ ਕਿ 'ਆਪ' ਪਾਰਟੀ ਝੂਠ ਦੀ ਰਾਜਨੀਤੀ ਕਰ ਰਹੀ ਹੈ,ਜੋ ਕਿ ਕੀਤੇ ਵਾਅਦੇ ਪੁਗਾਉਣ ਵਿਚ ਅਸਮਰਥ ਰਹੀ ਹੈ | ਬਾਵਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵਲੋਂ ਇੰਟਰਵਿਊ ਦੌਰਾਨ ਕਾਂਗਰਸ ਪਾਰਟੀ ਦਾ 2027 ਪੰਜਾਬ ਪ੍ਰਤੀ ਪੇਸ਼ ਕੀਤਾ ਦਿ੍ਸ਼ਟੀਕੋਣ ਦੱਸਦਾ ਹੈ ਕਿ ਕਾਂਗਰਸ ਪਾਰਟੀ ਹੀ ਪੰਜਾਬ ਦਾ ਭਵਿੱਖ ਸੰਵਾਰਨ ਦੀ ਸੋਚ ਅਤੇ ਸੂਝ ਬੂਝ ਰੱਖਦੀ ਹੈ | ਉਨ੍ਹਾਂ ਪੰਜਾਬ ਯੂਨੀਵਰਸਿਟੀ ਬਾਰੇ ਭਾਰਤ ਸਰਕਾਰ ਦੇ ਫ਼ੈਸਲੇ 'ਤੇ ਵੀ ਪੁਰਜ਼ੋਰ ਨਿੰਦਾ ਕੀਤੀ ਅਤੇ ਇਸ ਨੂੰ ਪੰਜਾਬ ਦੇ ਹੱਕਾਂ 'ਤੇ ਡਾਕਾ ਦੱਸਦੇ ਹੋਏ ਕਿਹਾ ਕਿ ਸੂਬੇ ਦੇ ਲੋਕ ਕੇਂਦਰ ਨੂੰ ਧੱਕੇਸ਼ਾਹੀ ਨਹੀਂ ਕਰਨ ਦੇਣਗੇ |