ਲੁਧਿਆਣਾ, 6 ਨਵੰਬਰ (ਜਸਵਿੰਦਰ ਸਿੰਘ)-ਪੰਜਾਬ ਸਰਕਾਰ ਦੇ ਮੱਛੀ ਪਾਲਨ ਵਿਭਾਗ ਵਲੋਂ ਸਰਦੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਮੱਛੀ ਪਾਲਕਾਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ ਤਾਂ ਜੋ ਠੰਢੇ ਮੌਸਮ ਦੌਰਾਨ ਆਪਣੇ ਮੱਛੀ ਪਾਲਨ ਦੇ ਕਿੱਤੇ ਨੂੰ ਬਿਨਾਂ ਕਿਸੇ ਮੌਸਮੀ ਪ੍ਰਭਾਵ ਦੇ ਵਧੀਆ ਢੰਗ ਨਾਲ ਨਿਰੰਤਰ ਜਾਰੀ ਰੱਖ ਸਕਣ | ਸੀਨੀਅਰ ਮੱਛੀ ਪਾਲਨ ਅਫ਼ਸਰ ਹਰਮਨਪ੍ਰੀਤ ਕੌਰ ਨੇ ਇਸ ਐਡਵਾਈਜ਼ਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੇ ਮਾਹਿਰਾਂ ਵਲੋਂ ਕਿਹਾ ਗਿਆ ਹੈ ਕਿ ਮੱਛੀ ਨੂੰ ਠੰਢ ਦੀ ਮਾਰ ਤੋਂ ਬਚਾਉਣ ਲਈ ਤਲਾਬ ਵਿਚ ਪਾਣੀ ਦਾ ਪੱਧਰ 6 ਤੋਂ 7 ਫੁੱਟ ਰੱਖਿਆ ਜਾਵੇ ਅਤੇ ਤਾਪਮਾਨ ਅਨੁਸਾਰ ਮੱਛੀ ਦੀ ਖੁਰਾਕ ਨੂੰ ਘਟਾਇਆ ਜਾਵੇ | ਉਨ੍ਹਾਂ ਦੱਸਿਆ ਕਿ ਜੈਵਿਕ ਖਾਦਾਂ ਦੀ ਵਰਤੋਂ ਨੂੰ ਘਟਾਇਆ/ਬੰਦ ਕਰ ਦਿੱਤਾ ਜਾਵੇ | ਸਵੇਰ ਦੇ ਸਮੇਂ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਤਲਾਅ ਵਿਚ ਤਾਜਾ ਪਾਣੀ/ਏਰੀਏਟਰ ਦੀ ਵਰਤੋਂ ਜ਼ਰੂਰ ਕੀਤੀ ਜਾਵੇ | ਮੱਛੀ ਪਾਲਨ ਅਫ਼ਸਰ ਮਮਤਾ ਸ਼ਰਮਾ ਨੇ ਕਿਹਾ ਕਿ ਮੱਛੀ ਪਾਲਕਾਂ ਵਲੋਂ ਆਕਸੀਜਨ ਦੀਆਂ ਗੋਲੀਆਂ ਜਾਂ ਪਾਊਡਰ ਫਾਰਮ 'ਤੇ ਲਾਜ਼ਮੀ ਰੱਖਿਆ ਜਾਵੇ | ਸਰਦੀਆਂ ਦੇ ਮੌਸਮ ਵਿਚ ਮੱਛੀ ਨੂੰ ਬਿਮਾਰੀ ਤੋਂ ਬਚਾਉਣ ਲਈ ਤਲਾਅ ਵਿਚ ਸੀਫੈਕਸ ਅਤੇ ਟੌਕਸੀਮਾਰ ਵਰਗੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਵੇ | ਸਹਾਇਕ ਡਾਇਰੈਕਟਰ ਮੱਛੀ ਪਾਲਨ ਜਤਿੰਦਰ ਸਿੰਘ ਗਰੇਵਾਲ ਨੇ ਮੱਛੀ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਵਲੋਂ ਜਾਰੀ ਐਡਵਾਈਜ਼ਰੀ ਦੀ ਵਰਤੋਂ ਕਰਨ ਤਾਂ ਕਿ ਮੱਛੀਆਂ ਜਾਂ ਮੱਛੀ ਪਾਲਨ ਦੇ ਕਿੱਤੇ 'ਤੇ ਪੈਂਦੇ ਠੰਢ ਦੇ ਪ੍ਰਭਾਵ ਨੂੰ ਘਟਾਇਆ ਜਾਂ ਖਤਮ ਕੀਤਾ ਜਾ ਸਕੇ |