11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਕਤਲ ਦੇ ਮੁੱਖ ਗਵਾਹ ਦੇ ਘਰ 'ਤੇ ਗੋਲੀਆਂ ਚਲਾਉਣ ਵਾਲੇ ਨਾਬਾਲਗ ਸਮੇਤ ਤਿੰਨ ਗਿ੍ਫ਼ਤਾਰ

ਅਜੀਤ ਡੈਸਕ 20-07-2025
ਲੁਧਿਆਣਾ, 19 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸਥਾਨਕ ਜਵਾਹਰ ਨਗਰ ਕੈਂਪ ਵਿਚ ਬੀਤੇ ਦਿਨ ਭਰਾ ਦੇ ਕਤਲ ਦੇ ਮਾਮਲੇ ਵਿਚ ਮੁੱਖ ਗਵਾਹ ਦੇ ਘਰ 'ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਇਕ ਨਾਬਾਲਗ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਸਥਾਨਕ ਜਵਾਹਰ ਨਗਰ ਕੈਂਪ ਵਿਚ ਕੁੱਝ ਸਮਾਂ ਪਹਿਲਾਂ ਹਰਜਿੰਦਰ ਸਿੰਘ ਉਰਫ ਜਿੰਦੀ ਦਾ ਕਤਲ ਕਰ ਦਿੱਤਾ ਗਿਆ ਸੀ | ਇਸ ਮਾਮਲੇ ਵਿਚ ਪੁਲਿਸ ਵਲੋਂ ਨਾਮਜ਼ਦ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਬੀਤੇ ਦਿਨ ਮਿ੍ਤਕ ਜਿੰਦੀ ਦੇ ਭਰਾ ਕਮਲਜੀਤ ਸਿੰਘ ਵਾਸੀ ਜਵਾਹਰ ਨਗਰ ਕੈਂਪ ਦੇ ਘਰ ਦੇ ਬਾਹਰ ਕੁੱਝ ਅਣਪਛਾਤੇ ਨੌਜਵਾਨਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ | ਕਮਲਜੀਤ ਇਸ ਕਤਲ ਕਾਂਡ ਵਿਚ ਮੁੱਖ ਗਵਾਹ ਹੈ ਅਤੇ ਉਸ ਦੀ ਗਵਾਹੀ ਅਗਲੇ ਹਫ਼ਤੇ ਅਦਾਲਤ ਵਿਚ ਦਰਜ ਹੋਣੀ ਹੈ | ਉਨ੍ਹਾਂ ਦੱਸਿਆ ਕਿ ਗੋਲੀ ਚਲਾਉਣ ਦਾ ਮਕਸਦ ਗਵਾਹ ਨੂੰ ਧਮਕਾਉਣਾ ਸੀ | ਸੂਚਨਾ ਮਿਲਣ 'ਤੇ ਮੌਕੇ 'ਤੇ ਪੁਲਿਸ ਅਧਿਕਾਰੀ ਪਹੁੰਚ ਗਏ ਸਨ ਅਤੇ ਜਾਂਚ ਦੌਰਾਨ ਪੁਲਿਸ ਦੇ ਹੱਥ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਅਤੇ ਕੁੱਝ ਹੋਰ ਸੁਰਾਗ ਲੱਗੇ ਸਨ, ਜਿਸ ਆਧਾਰ 'ਤੇ ਪੁਲਿਸ ਵਲੋਂ ਇਸ ਮਾਮਲੇ ਵਿਚ ਮਾਨੀਆ ਸਾਹਨੀ ਵਾਸੀ ਜਵਾਹਰ ਨਗਰ, ਖੁਸ਼ਵੀਰ ਸਿੰਘ ਉਰਫ ਗੁਰੀ ਵਾਸੀ ਜਵਾਹਰ ਨਗਰ ਅਤੇ ਉਨ੍ਹਾਂ ਦੇ ਇਕ ਨਾਬਾਲਗ ਸਾਥੀ ਨੂੰ ਕਾਬੂ ਕੀਤਾ ਹੈ | ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿਚੋਂ ਪੰਜ ਪਿਸਤੌਲਾਂ ਅਤੇ ਭਾਰੀ ਮਾਤਰਾ ਵਿਚ ਕਾਰਤੂਸ ਵੀ ਬਰਾਮਦ ਕੀਤੇ ਹਨ | ਉਨ੍ਹਾਂ ਦੱਸਿਆ ਕਿ ਇਹਨਾਂ ਕਥਿਤ ਦੋਸ਼ੀਆਂ ਨੂੰ ਇਸ ਕਤਲ ਕਾਂਡ ਵਿਚ ਨਾਮਜ਼ਦ ਦਰਪਣ, ਜੋ ਕਿ ਜੇਲ੍ਹ ਵਿਚ ਬੰਦ ਹੈ, ਨੇ ਆਪਣੇ ਦੁਬਈ ਵਿਚ ਬੈਠੇ ਸਾਥੀ ਨਮਿਤ ਸ਼ਰਮਾ ਨਾਲ ਸਾਜ਼ਿਸ਼ ਕਰਕੇ ਇਹ ਯੋਜਨਾ ਬਣਾਈ ਸੀ | ਉਨ੍ਹਾਂ ਦੱਸਿਆ ਕਿ ਨਮਿਤ ਸ਼ਰਮਾ ਵਲੋਂ ਆਪਣੇ ਦੋਸਤਾਂ ਅਕਸ਼ੇ ਅਤੇ ਦਾਨਿਸ਼ ਨਾਲ ਮਿਲ ਕੇ ਇਹਨਾਂ ਕਥਿਤ ਦੋਸ਼ੀਆਂ ਨੂੰ ਇਹ ਕੰਮ ਸੌਂਪਿਆ ਗਿਆ ਸੀ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ ਕਿ ਗੋਲੀ ਚਲਾਉਣ ਸਮੇਂ ਮਾਨੀਆ, ਅਕਸ਼ੇ ਅਤੇ ਉਨ੍ਹਾਂ ਦਾ ਇਕ ਨਾਬਾਲਗ ਸਾਥੀ ਕਮਲਜੀਤ ਦੇ ਘਰ ਦੇ ਬਾਹਰ ਆਏ ਸਨ ਅਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ ਸਨ | ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਨਾਮਜ਼ਦ ਕਥਿਤ ਦੋਸ਼ੀਆਂ ਨੂੰ 1 ਲੱਖ ਰੁਪਏ ਮਿਲਣੇ ਸਨ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਦੁਬਈ ਦੇ ਰਹਿਣ ਵਾਲੇ ਨਮਿਤ ਸ਼ਰਮਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ | ਉਸ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਥਿਤ ਦੋਸ਼ੀਆਂ ਖੁਸ਼ਵੀਰ ਅਤੇ ਉਸ ਦੇ ਸਾਥੀਆਂ ਨੇ ਪਨਾਹ ਦਿੱਤੀ ਸੀ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਦਰਪਣ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ਰਾਹੀਂ ਲਿਆਂਦਾ ਜਾਵੇਗਾ ਤਾਂ ਜੋ ਇਸ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਜਾਂਚ ਪੜਤਾਲ ਕੀਤੀ ਜਾ ਸਕੇ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੱਖ-ਵੱਖ ਗੁਰਦੁਆਰਿਆਂ 'ਚ ਸ਼ਰਧਾਪੂਰਵਕ ਮਨਾਇਆ <br/> ਅਗਲੀ ਖ਼ਬਰ ਫ਼ੈਕਟਰੀ 'ਚੋਂ ਚੋਰ ਲੱਖਾਂ ਦਾ ਸਾਮਾਨ ਚੋਰੀ ਕਰ ਕੇ ਹੋਏ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।