ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਵਿਚ ਤੈਨਾਤ ਡਾਕਟਰ ਪ੍ਰੋਫੈਸਰ ਨੂੰ ਡਿਜੀਟਲ ਅਰੈਸਟ ਕਰਕੇ ਸਾਈਬਰ ਠੱਗਾਂ ਵਲੋਂ 20 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਇਸ ਮਾਮਲੇ ਵਿਚ ਡਾ. ਡੀ.ਐਸ. ਮਲਿਕ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਡਾਕਟਰ 2 ਜੁਲਾਈ ਤੋਂ ਲੈ ਕੇ 15 ਜੁਲਾਈ ਤੱਕ ਡਿਜੀਟਲ ਅਰੈਸਟ ਰਿਹਾ ਅਤੇ ਉਸ ਨੇ ਇਸ ਸੰਬੰਧੀ ਕਿਸੇ ਨੂੰ ਨਹੀਂ ਦੱਸਿਆ, ਕਿਉਂਕਿ ਸਾਈਬਰ ਠੱਗਾਂ ਵਲੋਂ ਉਸ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੱਤੀ ਗਈ ਸੀ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਅਨੁਸਾਰ ਉਕਤ ਡਾਕਟਰ ਨੂੰ 2 ਜੁਲਾਈ ਨੂੰ ਆਈ.ਪੀ.ਐਸ. ਅਤੇ ਸੀ.ਬੀ.ਆਈ. ਅਧਿਕਾਰੀ ਬਣ ਕੇ ਵਿਅਕਤੀਆਂ ਵਲੋਂ ਫ਼ੋਨ ਕੀਤੇ ਗਏ ਅਤੇ ਉਸ ਨੂੰ ਧਮਕੀ ਦਿੱਤੀ ਗਈ ਕਿ ਉਹ ਮਨੁੱਖੀ ਤਸਕਰੀ ਦੇ ਕੇਸ ਵਿਚ ਸੀ.ਬੀ.ਆਈ. ਵਲੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਜੇਕਰ ਉਹ ਇਸ ਕੇਸ ਵਿਚ ਬਚਣਾ ਚਾਹੁੰਦਾ ਹੈ ਤਾਂ ਉਹ ਘਰ ਤੋਂ ਬਾਹਰ ਨਾ ਨਿਕਲੇ, ਉਸ ਨੂੰ ਇਹਨਾਂ ਨਕਲੀ ਅਧਿਕਾਰੀਆਂ ਵਲੋਂ ਡਿਜੀਟਲ ਹਾਊਸ ਅਰੈਸਟ ਕਰਨ ਦੇ ਹੁਕਮ ਦਿੱਤੇ ਗਏ | ਡਰ ਕਾਰਨ ਡਾਕਟਰ ਵਲੋਂ ਇਹਨਾਂ ਦਿਨਾਂ ਵਿਚ ਵਿਦਿਆਰਥੀਆਂ ਦੀਆਂ ਆਨਲਾਈਨ ਹੀ ਕਲਾਸਾਂ ਲਗਾਈਆਂ ਗਈਆਂ | ਪਹਿਲਾਂ ਡਾਕਟਰ ਵਲੋਂ 10 ਲੱਖ ਰੁਪਏ ਦੀ ਰਕਮ ਇਨ੍ਹਾਂ ਠੱਗਾਂ ਦੇ ਖਾਤਿਆਂ ਵਿਚ ਤਬਦੀਲ ਕੀਤੀ ਗਈ ਅਤੇ ਫਿਰ ਜਦੋਂ 10 ਲੱਖ ਦੀ ਰਕਮ ਵੱਖ-ਵੱਖ ਖਾਤਿਆਂ ਵਿਚ ਤਬਦੀਲ ਕੀਤੀ ਤਾਂ ਉਸ ਦੀ ਪਤਨੀ ਦੇ ਫ਼ੋਨ 'ਤੇ ਬੈਂਕ ਵਲੋਂ ਪੈਸੇ ਕੱਟਣ ਬਾਰੇ ਸੁਨੇਹਾ ਆਇਆ, ਜਿਸ 'ਤੇ ਇਹ ਸਾਰਾ ਮਾਮਲਾ ਸਾਹਮਣੇ ਆਇਆ | ਪਤਨੀ, ਜੋ ਕਿ ਪੇਸ਼ੇ ਤੋਂ ਵਕੀਲ ਹੈ, ਇਸ ਸਬੰਧੀ ਜਦੋਂ ਡਾਕਟਰ ਨੂੰ ਪੁੱਛਿਆ ਤਾਂ ਉਸ ਨੇ ਸਾਰੀ ਗੱਲ ਦੱਸੀ | ਉਸ ਵਲੋਂ ਹੀ ਇਹ ਸਾਰਾ ਮਾਮਲਾ ਪੁਲਿਸ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ |