ਲੁਧਿਆਣਾ, 17 ਜੁਲਾਈ (ਜਗਮੀਤ ਸਿੰਘ)-ਪੰਜਾਬ ਸਰਕਾਰ ਦੀ ਲੈਂਡ ਪੂਿਲੰਗ ਨੀਤੀ ਦੇ ਵਿਰੋਧ 'ਚ ਸ਼ੋ੍ਰਮਣੀ ਅਕਾਲੀ ਦਲ ਵਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ 22 ਜੁਲਾਈ 2025, ਦਿਨ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫ਼ਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਦਿੱਤਾ ਜਾ ਰਿਹਾ ਹੈ | ਇਸ ਰੋਸ ਪ੍ਰਦਰਸ਼ਨ ਸਬੰਧੀ ਸਥਾਨਕ ਆਗੂਆਂ ਵਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਅੱਜ ਹੋਈ ਮੀਟਿੰਗ 'ਚ ਕੋਰ ਕਮੇਟੀ ਮੈਂਬਰ ਸ਼ਰਨਜੀਤ ਸਿੰਘ ਢਿੱਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਢਿੱਲੋਂ, ਐਸ.ਆਰ. ਕਲੇਰ, ਵਰਕਿੰਗ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਿੰਦਾ, ਰਖਵਿੰਦਰ ਸਿੰਘ ਗਾਬੜੀਆ, ਅਮਨਜੋਤ ਗਾਬੜੀਆ, ਹਿਤੇਸ਼ਇੰਦਰ ਸਿੰਘ ਗਰੇਵਾਲ, ਚੰਦ ਸਿੰਘ ਡੱਲਾ, ਆਰ.ਡੀ. ਸ਼ਰਮਾ, ਮਨਜੀਤ ਸਿੰਘ ਮਦਨੀਪੁਰ, ਪ੍ਰੇਮ ਸਿੰਘ ਹਰਨਾਮਪੁਰਾ, ਜਗਜੀਤ ਸਿੰਘ ਤਲਵੰਡੀ, ਪ੍ਰਭਜੋਤ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਕਿੰਦਾ, ਰਾਜਵਿੰਦਰ ਸਿੰਘ ਮਾਂਗਟ, ਬਲਕਰਨ ਸਿੰਘ ਬਾਜਵਾ, ਹਰਪਾਲ ਸਿੰਘ ਕੋਹਲੀ, ਜੋਬਨ ਗਿੱਲ ਸ਼ਾਮਿਲ ਹੋਏ | ਕੋਰ ਕਮੇਟੀ ਮੈਂਬਰ ਸ਼ਰਨਜੀਤ ਸਿੰਘ ਢਿੱਲੋਂ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੁਲਿਸ ਜ਼ਿਲ੍ਹਾ ਜਗਰਾਉਂ, ਖੰਨਾ ਅਤੇ ਲੁਧਿਆਣਾ ਦੇ ਸਾਂਝੇ ਯਤਨਾਂ ਨਾਲ ਹੋਣ ਵਾਲਾ ਇਹ ਧਰਨਾ ਪ੍ਰਦਰਸ਼ਨ ਪੰਜਾਬ ਸਰਕਾਰ ਲਈ ਇਕ ਵੱਡੀ ਚੁਣੌਤੀ ਸਾਬਤ ਹੋਵੇਗਾ | ਸ਼ਰਨਜੀਤ ਢਿੱਲੋਂ ਨੇ ਕਿਹਾ ਕਿ ਇਹ ਲੈਂਡ ਪੂਿਲੰਗ ਨੀਤੀ ਨਹੀਂ, ਬਲਕਿ ਪੰਜਾਬ ਸਰਕਾਰ ਦੀ ਲੈਂਡ ਗ੍ਰੈਬਿੰਗ ਨੀਤੀ ਹੈ, ਜਿਸ 'ਚ ਕਿਸਾਨਾਂ ਦੀ ਜ਼ਮੀਨ ਬਿਨਾਂ ਯੋਗ ਮੁਆਵਜ਼ੇ ਦੇ ਹੀ ਉਨ੍ਹਾਂ ਕੋਲੋਂ ਖੋਹੀ ਜਾ ਰਹੀ ਹੈ | ਇਸ ਲੈਂਡ ਗ੍ਰੈਬਿੰਗ ਨੀਤੀ ਨੂੰ ਕਿਸੇ ਵੀ ਹਾਲਤ 'ਚ ਮਨਜ਼ੂਰ ਨਹੀਂ ਕੀਤਾ ਜਾਵੇਗਾ | ਰਣਜੀਤ ਸਿੰਘ ਢਿੱਲੋਂ ਅਤੇ ਭੁਪਿੰਦਰ ਸਿੰਘ ਭਿੰਦਾ ਨੇ ਕਿਸਾਨਾਂ, ਨੌਜਵਾਨਾਂ, ਖੇਤ ਮਜ਼ਦੂਰਾਂ ਅਤੇ ਪਿੰਡਾਂ ਦੀਆਂ ਸਾਰੀਆਂ ਸੰਸਥਾਵਾਂ ਨੂੰ 22 ਜੁਲਾਈ ਨੂੰ ਸਵੇਰੇ 10 ਵਜੇ ਵੱਡੀ ਗਿਣਤੀ 'ਚ ਇਸ ਰੋਸ ਧਰਨੇ 'ਚ ਪਹੁੰਚਣ ਦੀ ਅਪੀਲ ਕੀਤੀ | ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਇਸ ਧਰਨੇ ਨੂੰ ਸਫਲ ਬਣਾਉਣ ਲਈ ਰਣਨੀਤੀ ਬਣਾਉਂਦੇ ਹੋਏ ਪਾਰਟੀ ਦੇ ਹਲਕਾ ਇੰਚਾਰਜਾਂ, ਕੋਰ ਕਮੇਟੀ ਮੈਂਬਰਾਂ ਅਤੇ ਹੋਰ ਅਹੁਦੇਦਾਰਾਂ ਨੂੰ ਵੀ ਆਪਣੇ ਆਪਣੇ ਹਲਕੇ 'ਚੋਂ ਵੱਡੀ ਗਿਣਤੀ 'ਚ ਲੋਕਾਂ ਨੂੰ ਨਾਲ ਲਿਆਉਣ ਦੀ ਅਪੀਲ ਕੀਤੀ |