ਲੁਧਿਆਣਾ, 17 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੀ ਪੁਲਿਸ ਨੇ ਫਿਰੌਤੀ ਦੇ ਕੇ ਕਾਰੋਬਾਰੀ ਨੂੰ ਕਤਲ ਕਰਵਾਉਣ ਦੀ ਸਾਜ਼ਿਸ਼ ਕਰਨ ਵਾਲੇ ਕਲੋਨਾਈਜਰ ਅਤੇ ਉਸਦੇ ਇਕ ਸਾਥੀ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਥਾਣਾ ਸਦਰ ਦੀ ਐਸ.ਐਚ.ਓ. ਅਵਨੀਤ ਕੌਰ ਅਤੇ ਸੀ.ਆਈ.ਏ. ਸਟਾਫ਼ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਪਾਸ ਪ੍ਰਾਪਰਟੀ ਕਾਰੋਬਾਰੀ ਪ੍ਰੇਮ ਸਿੰਘ ਬੱਬਰ ਵਾਸੀ ਓਮੈਕਸ ਨੇ ਸ਼ਿਕਾਇਤ ਕੀਤੀ ਸੀ, ਜਿਸ ਦੇ ਆਧਾਰ 'ਤੇ ਪੁਲਿਸ ਸ਼ਹਿਰ ਦੇ ਉਘੇ ਕਲੋਨਾਈਜ਼ਰ ਅਤੇ ਬਸੰਤ ਐਵਨਿਊ ਦੇ ਹਿੱਸੇਦਾਰ ਅਮਿਤ ਕੁਮਾਰ ਕੁਮਾਰ ਗਰਗ ਅਤੇ ਉਸਦੇ ਸਾਥੀ ਸਿਮਰਨਜੀਤ ਸਿੰਘ ਬੱਗਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੇ ਇਹਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਜਦਕਿ ਇਹਨਾਂ ਦੇ ਸਾਥੀ ਲੱਖਾ ਅਤੇ ਕਿ੍ਸ਼ਨ ਵਾਸੀ ਦੁੱਗਰੀ ਅਜੇ ਫ਼ਰਾਰ ਹਨ | ਉਨ੍ਹਾਂ ਦੱਸਿਆ ਕਿ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਪ੍ਰੇਮ ਸਿੰਘ ਬੱਬਰ ਨੇ ਦੱਸਿਆ ਸੀ ਕਿ ਕੁੱਝ ਸਮਾਂ ਪਹਿਲਾਂ ਅਮਿਤ ਕੁਮਾਰ ਗਰਗ ਉਸਦਾ ਪ੍ਰਾਪਰਟੀ ਕਾਰੋਬਾਰ ਵਿਚ ਹਿੱਸੇਦਾਰ ਸੀ, ਪਰ ਕੁੱਝ ਵਜ੍ਹਾ ਕਰਕੇ ਉਹ ਉਸ ਤੋਂ ਅਲੱਗ ਹੋ ਗਿਆ ਅਤੇ ਉਸਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਅਮਿਤ ਉਸ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ | ਉਸ ਦੱਸਿਆ ਕਿ ਇਸ ਰੰਜਿਸ਼ ਤਹਿਤ ਹੀ ਅਮਿਤ ਵਲੋਂ ਉਸਦੇ ਕਤਲ ਦੀ ਸਾਜ਼ਿਸ਼ ਬਣਾਈ ਅਤੇ ਬਾਕੀ ਕਥਿਤ ਦੋਸ਼ੀਆਂ ਨਾਲ ਸੰਪਰਕ ਕੀਤਾ | ਉਸ ਦੱਸਿਆ ਕਿ ਕਥਿਤ ਦੋਸ਼ੀ ਅਮਿਤ ਵਲੋਂ ਉਸ ਨੂੰ ਕਤਲ ਕਰਵਾਉਣ ਲਈ ਬਾਕੀ ਕਥਿਤ ਦੋਸ਼ੀਆਂ ਨੂੰ 10 ਲੱਖ ਦੀ ਫਿਰੌਤੀ ਦੇਣ ਬਾਰੇ ਕਿਹਾ ਗਿਆ ਸੀ ਅਤੇ ਇਸ ਲਈ ਅਮਿਤ ਨੇ ਕਥਿਤ ਦੋਸ਼ੀਆਂ ਨੂੰ ਬੱਬਰ ਦੇ ਕਤਲ ਲਈ 3 ਲੱਖ ਰੁਪਏ ਦੀ ਰਕਮ ਵੀ ਦੇ ਦਿੱਤੀ ਸੀ | ਪੁਲਿਸ ਵਲੋਂ ਇਸ ਵਿਚੋਂ 2 ਲੱਖ, 70 ਹਜ਼ਾਰ ਦੀ ਨਗਦੀ ਅਤੇ ਦੋ ਨਾਜਾਇਜ਼ ਪਿਸਤੌਲ ਬਰਾਮਦ ਕੀਤੀਆਂ ਹਨ | ਸ਼ਿਕਾਇਤਕਰਤਾ ਪ੍ਰੇਮ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਆਪਣੇ ਘਰ ਤੋਂ ਨਿਕਲਿਆ ਤਾਂ ਕਈ ਦਿਨ ਤੱਕ ਕੁੱਝ ਅਣਪਛਾਤੇ ਵਿਅਕਤੀ ਉਸਦਾ ਪਿੱਛਾ ਕਰਦੇ ਰਹੇ | ਉਸਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਜਾਂਚ ਦੌਰਾਨ ਜਿਹੜੇ ਤੱਥ ਸਾਹਮਣੇ ਆਏ, ਉਹ ਹੈਰਾਨੀਜਨਕ ਹਨ | ਪੁਲਿਸ ਵਲੋਂ ਇਸ ਸਬੰਧੀ ਫ਼ੌਰੀ ਕਾਰਵਾਈ ਕਰਦਿਆਂ ਇਹਨਾਂ ਦੋਵਾਂ ਨੂੰ ਕਾਬੂ ਕਰ ਲਿਆ | ਪੁਲਿਸ ਇਹਨਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ | ਜਦ ਕਿ ਬਾਕੀ ਕਥਿਤ ਦੋਸ਼ੀਆਂ ਦੀ ਭਾਲ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸ ਮੌਕੇ ਡੀ.ਸੀ.ਪੀ. ਹਰਪਾਲ ਸਿੰਘ ਅਤੇ ਏ.ਡੀ.ਸੀ.ਪੀ. ਅਮਨਦੀਪ ਸਿੰਘ ਬਰਾੜ ਵੀ ਮੌਜੂਦ ਸਨ |