ਲੁਧਿਆਣਾ, 17 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਸਹੂਲਤਾਂ ਦੇਣ ਦੀ ਲੜੀ ਦੇ ਤਹਿਤ ਵਿਧਾਨ ਸਭਾ ਹਲਕਾ ਆਤਮ ਨਗਰ ਅਧੀਨ ਪੀ.ਐਸ.ਪੀ.ਸੀ.ਐਲ., ਜਨਤਾ ਨਗਰ ਵਿਖੇ ਬਣੇ ਸੇਵਾ ਕੇਂਦਰ ਨੂੰ ਸਵੇਰੇ 8.00 ਤੋਂ ਰਾਤ 8.00 ਵਜੇ ਤੱਕ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ | ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸ ਸੇਵਾ ਕੇਂਦਰ ਵਿਖੇ ਲੋਕਾਂ ਦੀ ਆਮਦ ਜ਼ਿਆਦਾ ਸੀ, ਜਿਸ ਦੇ ਮੱਦੇਨਜ਼ਰ ਲੋਕਾਂ ਦੀ ਸਹੂਲਤ ਲਈ ਇਹ ਫ਼ੈਸਲਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਨੌਕਰੀ ਪੇਸ਼ਾ ਲੋਕ ਅਤੇ ਹੋਰ ਪ੍ਰਾਈਵੇਟ ਨੌਕਰੀਆਂ ਕਰਨ ਵਾਲੇ ਵੀ ਹੁਣ ਆਪਣੇ ਨੌਕਰੀ ਦੇ ਸਮੇਂ ਤੋਂ ਬਾਅਦ ਸੇਵਾ ਕੇਂਦਰ ਨਾਲ ਸਬੰਧਿਤ ਕੰਮਾਂ ਲਈ ਸੇਵਾ ਕੇਂਦਰ ਵਿਖੇ ਆ ਸਕਦੇ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸੇਵਾ ਕੇਂਦਰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਾ ਰਹੇਗਾ, ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਦਾ ਲਾਭ ਮਿਲੇਗਾ | ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਕੋਈ ਵੀ ਵਿਅਕਤੀ ਸੇਵਾ ਕੇਂਦਰਾਂ ਨਾਲ ਸਬੰਧਿਤ ਕੰਮਾਂ ਲਈ ਇਸ ਸੇਵਾ ਕੇਂਦਰ 'ਚ ਕੰਮਕਾਜ ਦੇ ਸਮੇਂ ਦੌਰਾਨ ਆ ਸਕਦਾ ਹੈ |