ਲੁਧਿਆਣਾ, 16 ਜੁਲਾਈ (ਭੁਪਿੰਦਰ ਸਿੰਘ ਬੈਂਸ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਭਿ੍ਸ਼ਟਾਚਾਰ ਨੰੂ ਖ਼ਤਮ ਕਰਨ ਦੇ ਦਾਅਵੇ ਤਾਂ ਜ਼ਰੂਰ ਕੀਤੇ ਜਾ ਰਹੇ ਹਨ, ਪਰ ਸਰਕਾਰ ਵਲੋਂ ਕੀਤੇ ਜਾ ਰਹੇ ਇਨ੍ਹਾਂ ਦਾਅਵਿਆਂ ਵਿਚ ਕਿੰਨੀ ਸਚਾਈ ਹੈ | ਇਸਦੀ ਪੋਲ ਨਗਰ ਨਿਗਮ ਵਲੋਂ ਖੋਲ੍ਹੀ ਜਾ ਰਹੀ ਹੈ | ਨਗਰ ਨਿਗਮ ਵਿਚ ਰੋਜ਼ ਗਾਰਡਨ ਦੇ ਕਾਇਆ ਕਲਪ ਮਾਮਲੇ ਦਾ ਘਪਲਾ ਸਾਹਮਣੇ ਆਉਣ ਤੋ ਬਾਅਦ ਹੁਣ ਫੋਕਲ ਪੁਆਇੰਟ ਇਲਾਕੇ ਵਿਚ ਲਗਭਗ 10 ਕਰੋੜ ਦੀ ਲਾਗਤ ਨਾਲ ਪਾਰਕਾਂ ਲਈ ਟੈਂਡਰ ਲਗਾਉਣਾ ਦਾ ਇਕ ਹੋਰ ਘਪਲਾ ਸਾਹਮਣੇ ਆਇਆ ਹੈ | ਦਰਅਸਲ ਬੀ. ਐਂਡ ਆਰ. ਸ਼ਾਖਾ ਦੇ ਐਕਸੀਅਨ ਹਰਜੀਤ ਸਿੰਘ ਦੀ ਆਈ.ਡੀ. ਤੋਂ ਉਕਤ ਪਾਰਕਾਂ ਦੇ ਨਵੀਨੀਕਰਨ ਲਈ ਇਹ ਟੈਂਡਰ 16 ਮਈ 2025 ਨੰੂ ਖੋਲੇ ਗਏ ਹਨ | ਜਦਕਿ ਉਕਤ ਐਕਸੀਅਨ 30 ਅਪ੍ਰੈਲ, 2025 ਨੂੰ ਰਿਟਾਇਰ ਹੋ ਚੁੱਕਾ ਹੈ | ਇਸ ਮਾਮਲੇ ਵਿਚ ਨਗਰ ਨਗਰ ਨਿਗਮ ਦੇ ਕੁੱਝ ਅਫ਼ਸਰਾਂ ਵਲੋਂ ਆਪਣੀ ਕਮਿਸ਼ਨ ਦੇ ਫ਼ਾਇਦੇ ਲਈ ਮਿਲੀ ਭੁਗਤ ਨਾਲ ਆਪਣੇ ਚਹੇਤੇ ਠੇਕੇਦਾਰ ਨੰੂ 5 ਫ਼ੀਸਦੀ ਲੈਸ ਦੇ ਨਾਲ ਟੈਂਡਰ ਅਲਾਟ ਕਰਵਾ ਕੇ ਕਥਿਤ ਤੌਰ 'ਤੇ ਕਰੋੜਾ ਰੁਪਏ ਦਾ ਫ਼ਾਇਦਾ ਦਿੱਤਾ ਗਿਆ ਹੈ | ਜਦਕਿ ਉਕਤ ਟੈਂਡਰ ਪਹਿਲਾ 20 ਤੋ 25 ਫ਼ੀਸਦੀ ਲੈਸ ਤੇ ਜਾਂਦੇ ਸਨ | ਉਕਤ ਘਪਲੇ ਨੰੂ ਲੈਕੇ ਨਿਗਮ ਦਾ ਟੈਂਡਰ ਸੈੱਲ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ, ਜਿਸ ਵਲੋਂ ਰਿਟਾਇਰਡ ਐਕਸੀਅਨ ਹਰਪ੍ਰੀਤ ਸਿੰਘ ਦੀ ਆਈ.ਡੀ. ਦਾ ਇਸ ਘਪਲੇ ਲਈ ਇਸਤੇਮਾਲ ਕੀਤਾ ਗਿਆ ਹੈ | ਇਸ ਮਾਮਲੇ ਨੰੂ ਲੈਕੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵਲੋਂ ਕਮਿਸ਼ਨਰ ਆਦਿਤਿਆ ਡੇਚਲਵਾਲ ਕੋਲ ਸ਼ਿਕਾਇਤ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਵਲੋਂ ਇਸਦੀ ਜਾਂਚ ਕਰਵਾ ਕੇ ਇਨ੍ਹਾਂ ਟੈਂਡਰਾਂ ਨੰੂ ਜਲਦ ਤੋਂ ਜਲਦ ਰੱਦ ਕਰਵਾਉਣ ਦੀ ਮੰਗ ਕੀਤੀ ਗਈ ਹੈ |