ਲੁਧਿਆਣਾ, 16 ਜੁਲਾਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਸੁੰਦਰ ਨਗਰ ਵਿਖੇ ਅੱਜ ਉਸ ਵਕਤ ਅਫੜਾ-ਤਫੜੀ ਵਾਲਾ ਮਾਹੌਲ ਬਣ ਗਿਆ | ਜਦ ਇੱਥੇ ਸਥਿਤ ਇਕ ਕੱਪੜਾ ਬਣਾਉਣ ਵਾਲੀ ਤਿੰਨ ਮੰਜ਼ਿਲਾਂ ਫ਼ੈਕਟਰੀ ਚ ਅੱਗ ਲੱਗ ਗਈ | ਮੌਕੇ 'ਤੇ ਫਾਇਰ ਬਿ੍ਗੇਡ ਦੀਆਂ ਅੱਧਾ ਦਰਜਨ ਦੇ ਕਰੀਬ ਗੱਡੀਆਂ ਨੇ ਪੁੱਜ ਕੇ ਆਗ 'ਤੇ ਕਾਬੂ ਪਾਇਆ | ਪ੍ਰਾਪਤ ਜਾਣਕਾਰੀ ਅਨੁਸਾਰ ਸੁੰਦਰ ਸਥਿਤ ਲੱਕੀ ਟੈਕਸਟਾਈਲ ਕੱਪੜਾ ਬਣਾਉਣ ਵਾਲੀ ਫ਼ੈਕਟਰੀ ਵਿਚ ਅੱਜ ਸ਼ਾਮ 6 ਵਜੇ ਦੇ ਕਰੀਬ ਫ਼ੈਕਟਰੀ ਦੀਆਂ ਉਪਰੀ ਦੋ ਮੰਜ਼ਿਲਾਂ ਤੇ ਅੱਗ ਲੱਗ ਗਈ, ਜਿਸ 'ਤੇ ਫ਼ੈਕਟਰੀ ਵਿਚ ਕੰਮ ਕਰਦੇ ਵਰਕਰ ਦੌੜ ਕੇ ਹੇਠਾਂ ਆ ਗਏ ਤੇ ਉਨ੍ਹਾਂ ਵਲੋਂ ਅੱਗ ਬੁਝਾਊ ਯੰਤਰਾਂ ਨਾਲ ਇਸ ਅੱਗ ਨੰੂ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਸਦੇ ਬਾਵਜੂਦ ਅੱਗ ਵੱਧਦੀ ਗਈ, ਜਿਸ 'ਤੇ ਉਨ੍ਹਾਂ ਵਲੋਂ ਇਸਦੀ ਸੂਚਨਾ ਫਾਇਰ ਬਿ੍ਗੇਡ ਨੰੂ ਦਿੱਤੀ ਗਈ ਤੇ ਫਾਇਰ ਬਿ੍ਗੇਡ ਦੀਆਂ ਅੱਧਾ ਦਰਜਨ ਦੇ ਕਰੀਬ ਗੱਡੀਆਂ ਨੇ ਮੌਕੇ 'ਤੇ ਪੁੱਜ ਕੇ ਕਰੀਬ ਦੋ ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਅੱਗ ਲੱਗਣ ਕਾਰਨ ਕਰੋੜਾ ਰੁਪਏ ਦਾ ਕੱਪੜਾ ਸੜਕੇ ਸੁਆਹ ਹੋ ਗਿਆ | ਅੱਗ ਲੱਗਣ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ, ਪਰ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਸ਼ੰਕਾ ਜਤਾਇਆ ਜਾ ਰਿਹਾ ਹੈ |