ਭਿੱਖੀਵਿੰਡ, 3 ਦਸੰਬਰ (ਬੌਬੀ)- ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀਆਂ ਨਾਮਜ਼ਦਗੀਆਂ ਨੂੰ ਲੈ ਕੇ ਭਿੱਖੀਵਿੰਡ ਬਲਾਕ ਵਿਚ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਬਲਾਕ ਸੰਮਤੀ ਮੈਂਬਰਾਂ ਦੇ ਕਾਗਜ਼ ਜਮ੍ਹਾਂ ਕਰਵਾਉਣ ਲਈ ਬਲਾਕ ਦਫ਼ਤਰ ਭਿੱਖੀਵਿੰਡ ਦੇ ਬਾਹਰ ਆਏ ਅਤੇ ਉਨ੍ਹਾਂ ਵਲੋਂ ਲਿਆਂਦੇ ਗਏ ਪਾਰਟੀ ਉਮੀਦਵਾਰਾਂ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਕੁੱਟਮਾਰ ਕੀਤੀ ਗਈ ਅਤੇ ਰੱਜ ਕੇ ਗੁੰਡਾਗਰਦੀ ਦਾ ਨਾਚ ਹੋਇਆ | ਪੁਲਿਸ ਮੂਕ ਦਰਸ਼ਕ ਬਣੀ ਵੇਖਦੀ ਰਹੀ ਅਤੇ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਨੇ ਪ੍ਰੋ. ਵਿਰਸਾ ਸਿੰਘ ਵਲਟੋਹਾ ਅਤੇ ਗੌਰਵਦੀਪ ਸਿੰਘ ਵਲਟੋਹਾ ਨੂੰ ਸੁਰੱਖਿਅਤ ਭੀੜ ਵਿਚੋਂ ਬਾਹਰ ਕੱਢਿਆ | ਇਸ ਮੌਕੇ ਕਈ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰਾਂ ਨਾਲ ਧੱਕਾਮੁੱਕੀ ਅਤੇ ਕੁੱਟਮਾਰ ਹੋਈ | ਪੁਲਿਸ ਭਾਵੇਂ ਉਥੇ ਬਹੁਤ ਘੱਟ ਗਿਣਤੀ ਮੌਜੂਦ ਸੀ, ਪਰ ਪੁਲਿਸ ਵੀ ਅਕਾਲੀ ਵਰਕਰਾਂ ਨੂੰ ਹੀ ਪਾਸੇ ਕਰਦੀ ਨਜ਼ਰ ਆਈ | ਇਸ ਤੋਂ ਬਾਅਦ ਗੌਰਵਦੀਪ ਸਿੰਘ ਵਲਟੋਹਾ ਅਤੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਮੁਖ ਸਿੰਘ ਸਾਂਡਪੁਰਾ ਦੀ ਅਗਵਾਈ ਹੇਠ ਭਿੱਖੀਵਿੰਡ ਚੌਂਕ ਨੂੰ ਜਾਮ ਕੀਤਾ ਗਿਆ ਅਤੇ ਸਰਕਾਰ ਦੇ ਖਿਲਾਫ਼ ਜੰਮ੍ਹ ਕੇ ਨਾਅਰੇਬਾਜੀ ਕੀਤੀ ਗਈ | ਇਸ ਦੌਰਾਨ ਸੁਖਬੀਰ ਸਿੰਘ ਬਾਦਲ ਆਪਣੀ ਗੱਡੀ ਵਿਚ ਹੀ ਮੌਜੂਦ ਰਹੇ ਅਤੇ ਸਕਿਓਰਿਟੀ ਵਾਲਿਆਂ ਨੇ ਉਨ੍ਹਾਂ ਨੂੰ ਗੱਡੀ ਤੋਂ ਬਾਹਰ ਨਹੀਂ ਆਉਣ ਦਿੱਤਾ | ਉਹ ਆਪਣੀ ਗੱਡੀ ਵਿਚ ਬੈਠੇ ਹੀ ਫੋਨ 'ਤੇ ਵੱਖ-ਵੱਖ ਉੱਚ ਅਧਿਕਾਰੀਆਂ ਨਾਲ ਗੱਲ ਕਰਦੇ ਨਜ਼ਰ ਆਏ | ਇਸ ਮੌਕੇ ਸੰਬੋਧਨ ਕਰਦਿਆਂ ਗੌਰਵਦੀਪ ਸਿੰਘ ਵਲਟੋਹਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਜਿਸ ਤਰ੍ਹਾਂ ਇਹ ਗੁੰਡਾਗਰਦੀ ਕੀਤੀ ਜਾ ਰਹੀ ਹੈ, ਇਹ ਲੋਕਤੰਤਰ ਦਾ ਘਾਣ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਤੋਂ ਭੱਜ ਰਹੀ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕੋਈ ਪਿੰਡਾਂ ਦਾ ਵਿਕਾਸ ਨਹੀਂ ਕਰਵਾਇਆ ਅਤੇ ਨਾ ਹੀ ਕਿਸੇ ਨੂੰ ਕੋਈ ਸਹੂਲਤਾਂ ਦਿੱਤੀਆਂ ਹਨ, ਜਿਸ ਕਰਕੇ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਾ ਰਹੇ ਅਤੇ ਹੁਣ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਚਾਹੁੰਦੇ ਹਨ ਕਿ ਸਾਨੂੰ ਲੋਕਾਂ ਕੋਲੋਂ ਵੋਟਾਂ ਮੰਗਣ ਨਾ ਜਾਣਾ ਪਵੇ, ਜਿਸ ਲਈ ਉਹ ਵਿਰੋਧੀ ਪਾਰਟੀਆਂ ਨੂੰ ਕਾਗਜ਼ ਦਾਖਲ ਨਹੀਂ ਕਰਨ ਦੇ ਰਹੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਹਰ ਵਰਕਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਅਤੇ ਹਰ ਹਾਲਤ ਵਿਚ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਜਾਣਗੇ | ਚਾਹੇ ਅਦਾਲਤ ਦਾ ਸਹਾਰਾ ਹੀ ਕਿਉਂ ਨਾ ਲੈਣਾ ਪਵੇ | ਇਸ ਮੌਕੇ ਬੋਲਦਿਆਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਮੁਖ ਸਿੰਘ ਸਾਂਡਪੁਰਾ ਨੇ ਕਿਹਾ ਕਿ ਸਵੇਰ ਵੇਲੇ ਜਦੋਂ ਅਸੀਂ ਆਪਣੇ ਉਮੀਦਵਾਰਾਂ ਦੇ ਫਾਰਮ ਜਮ੍ਹਾਂ ਕਰਾਉਣ ਆਏ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਸਾਡੇ ਨਾਲ ਖਿੱਚਧੂਹ ਕੀਤੀ ਗਈ ਅਤੇ ਇਕ ਉਮੀਦਵਾਰ ਤੋਂ ਕਾਗਜ਼ ਲੈ ਕੇ ਫਾਈਲ ਪਾੜ ਦਿੱਤੀ ਗਈ ਅਤੇ ਬਾਕੀ ਸਾਨੂੰ ਫਾਈਲਾਂ ਨੇ ਜਮ੍ਹਾਂ ਨਹੀਂ ਕਰਵਾਉਣ ਦਿੱਤੀਆਂ | ਇੱਥੇ ਦੱਸਣਾ ਬਣਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੀਆਂ ਕੋਸ਼ਿਸ਼ਾਂ ਸਦਕਾ ਅਤੇ ਭਿੱਖੀਵਿੰਡ ਚੌਂਕ 'ਚ ਲੱਗੇ ਧਰਨੇ ਨੂੰ ਵੇਖਦਿਆਂ ਐਸ.ਡੀ.ਐਮ. ਭਿੱਖੀਵਿੰਡ ਸਿਮਰਨਜੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਜਿਨ੍ਹਾਂ ਨੇ ਰਿਟਰਨਿੰਗ ਅਫਸਰ ਨਾਲ ਬੈਠ ਕੇ ਗੱਲਬਾਤ ਕੀਤੀ ਅਤੇ ਗੌਰਵਦੀਪ ਸਿੰਘ ਵਲਟੋਹਾ ਨਾਲ ਇਹ ਸਹਿਮਤੀ ਬਣੀ ਕਿ ਫਾਈਲਾਂ ਅੱਜ ਰਿਟਰਨਿੰਗ ਅਫਸਰ ਲੈ ਲਵੇਗਾ ਅਤੇ ਉਸ ਦੀਆਂ ਰਸੀਦਾਂ ਸਵੇਰੇ ਦੇ ਦੇਵੇਗਾ, ਜਿਸ 'ਤੇ ਗੌਰਵਦੀਪ ਸਿੰਘ ਵਲਟੋਹਾ ਨੇ ਸ਼੍ਰੋਮਣੀ ਅਕਾਲੀ ਦਲ ਦੇ 23 ਉਮੀਦਵਾਰਾਂ ਨੂੰ ਇਕੱਲੇਇਕੱਲੇ ਨੂੰ ਰਿਟਰਨਿੰਗ ਅਫਸਰ ਸਾਹਮਣੇ ਪੇਸ਼ ਕਰਕੇ 23 ਫਾਈਲਾਂ ਜਮ੍ਹਾਂ ਕਰਵਾਈਆਂ, ਜਦਕਿ ਉਸ ਮੌਕੇ ਮੌਜੂਦ ਕਾਂਗਰਸ ਪਾਰਟੀ ਅਤੇ ਭਾਜਪਾ ਦੀਆਂ ਚਾਰ ਫਾਈਲਾਂ ਵੀ ਗੌਰਵਦੀਪ ਸਿੰਘ ਵਲਟੋਹਾ ਵਲੋਂ ਰਿਟਰਨਿੰਗ ਅਫਸਰ ਧਰਮਪਾਲ ਸਿੰਘ ਨੂੰ ਜਮ੍ਹਾਂ ਕਰਵਾ ਦਿੱਤੀਆਂ ਗਈਆਂ, ਜਿਸ ਤਰ੍ਹਾਂ ਕੁੱਲ 27 ਫਾਈਲਾਂ ਜਮ੍ਹਾਂ ਹੋਈਆਂ | ਰਿਟਰਨਿੰਗ ਅਫਸਰ ਨੇ ਕਿਹਾ ਕਿ ਮੈਂ ਸਵੇਰੇ ਇਨ੍ਹਾਂ ਦੀਆਂ ਰਸੀਦਾਂ ਦੇ ਦੇਵਾਂਗਾ | ਇਸ ਮੌਕੇ ਐਸ.ਐਸ.ਪੀ. ਤਰਨ ਤਾਰਨ ਸੁਰਿੰਦਰ ਲਾਂਬਾ ਵਿਸ਼ੇਸ਼ ਤੌਰ 'ਤੇ ਭਿੱਖੀਵਿੰਡ ਪਹੁੰਚੇ, ਜਿਨ੍ਹਾਂ ਨੇ ਬਲਾਕ ਦਫ਼ਤਰ ਭਿੱਖੀਵਿੰਡ ਵਿਖੇ ਕਾਗਜ਼ ਦਾਖਲ ਕਰਵਾਉਣ ਆਈਆਂ ਔਰਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਅੱਜ ਹੁਣ ਪ੍ਰੋਟੋਕਾਲ ਨੂੰ ਵੇਖਦਿਆਂ ਤੁਹਾਡੀਆਂ ਫਾਈਲਾਂ ਜਮ੍ਹਾਂ ਨਹੀਂ ਹੋ ਸਕਦੀਆਂ ਕਿਉਂਕਿ ਸਮਾਂ ਲੰਘ ਗਿਆ ਹੈ | ਕੱਲ੍ਹ ਤੁਹਾਡੀਆਂ ਫਾਈਲਾਂ ਹਰ ਹਾਲਤ ਵਿਚ ਜਮ੍ਹਾਂ ਕਰਵਾਈਆਂ ਜਾਣਗੀਆਂ |
ਮਾਮਲਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀਆਂ ਨਾਮਜ਼ਦਗੀਆਂ ਜਮ੍ਹਾਂ ਕਰਵਾਉਣ ਦਾ ਭਿੱਖੀਵਿੰਡ ਵਿਖੇ ਸੁਖਬੀਰ ਦੀ ਮੌਜੂਦਗੀ 'ਚ ਅਕਾਲੀ ਵਰਕਰਾਂ ਦੀ ਕੁੱਟਮਾਰ ਅਤੇ ਹੋਈ ਗੁੰਡਾਗਰਦੀ
ਬਲਾਕ ਦਫ਼ਤਰ ਭਿੱਖੀਵਿੰਡ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਸਮੇਂ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਧੱਕਾਮੁੱਕੀ ਕਰਦੀ ਹੋਈ ਪੁਲਿਸ ਅਤੇ ਜਾਣਕਾਰੀ ਦਿੰਦੇ ਹੋਏ ਗੌਰਵਦੀਪ ਸਿੰਘ ਵਲਟੋਹਾ | ਤਸਵੀਰਾਂ : ਬੌਬੀ<br/>
04-12-2025