ਗੋਇੰਦਵਾਲ ਸਾਹਿਬ, 19 ਨਵੰਬਰ (ਸਕੱਤਰ ਸਿੰਘ ਅਟਵਾਲ)-ਬੀਤੇ ਦਿਨੀਂ ਅੰਮਿ੍ਤਸਰ ਗਰੁੱਪ ਆਫ਼ ਕਾਲਜ 'ਚ ਰਾਜ ਪੱਧਰ 'ਤੇ ਅੰਤਰ ਸਕੂਲ ਸੱਭਿਆਚਾਰਕ ਅਤੇ ਟੈਕਨਾਲੋਜੀਕਲ ਮੇਲਾ ਕਰਵਾਇਆ ਗਿਆ | ਜਿਸ ਵਿਚ ਬਹੁਤ ਸਾਰੇ ਵਿਸ਼ਿਆਂ ਅਧੀਨ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਜਿਨ੍ਹਾਂ ਦਾ ਮਕਸਦ ਵਿਦਿਆਰਥੀਆਂ ਦਾ ਸਰਵ-ਪੱਖੀ ਵਿਕਾਸ ਅਤੇ ਉਨ੍ਹਾਂ ਅੰਦਰ ਇੱਕਜੁਟਤਾ ਦੀ ਭਾਵਨਾ ਪੈਦਾ ਕਰਨਾ ਸੀ | ਇਸ ਮੇਲੇ ਵਿਚ ਪੰਜਾਬ ਦੇ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਇਹ ਮੁਕਾਬਲੇ ਡਾ. ਰਾਜੇਸ਼ ਕੁਮਾਰ ਸ਼ਰਮਾ, ਡੀ.ਈ.ਓ. ਅੰਮਿ੍ਤਸਰ ਅਤੇ ਕਾਲਜ ਦੇ ਪਿ੍ੰਸੀਪਲ ਡਾ. ਗੌਰਵ ਤੇਜਪਾਲ ਦੀ ਰਹਿਨੁਮਾਈ ਹੇਠ ਕਰਵਾਏ ਗਏ | ਇੱਥੇ ਦੱਸਣਯੋਗ ਹੈ ਕਿ ਇਹ ਮੇਲਾ ਲਗਾਤਾਰ ਤਿੰਨ ਦਿਨ ਚੱਲਿਆ | ਜਿਸ 'ਚ ਹਰ ਵਿਦਿਆਰਥੀ ਨੇ ਉੱਚ-ਕੋਟੀ ਦਾ ਪ੍ਰਦਰਸ਼ਨ ਕੀਤਾ | ਇਸ ਮੇਲੇ ਵਿਚ ਮੁਕਾਬਲੇ ਕਾਫ਼ੀ ਕਠਿਨ ਹੋਣ ਦੇ ਬਾਵਜੂਦ ਵੀ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੀ ਵਿਦਿਆਰਥਣ ਮਹਿਕਦੀਪ ਕੌਰ ਸਪੁੱਤਰੀ ਸਰਬਜੀਤ ਸਿੰਘ ਪਿੰਡ ਮੁਗਲਾਨੀ ਜਮਾਤ ਬਾਰ੍ਹਵੀਂ ਨੇ ਆਪਣੀ ਲਗਨ ਅਤੇ ਅਧਿਆਪਕ ਹਰਵਿੰਦਰ ਕੌਰ ਦੀ ਯੋਗ ਅਗਵਾਈ ਸਦਕਾ ਸੋਲੋ ਡਾਂਸ ਮੁਕਾਬਲੇ 'ਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਅੰਮਿ੍ਤਸਰ ਦੇ ਡੀ.ਈ.ਓ. ਅਤੇ ਕਾਲਜ ਦੇ ਪਿ੍ੰਸੀਪਲ ਦੁਆਰਾ ਜੇਤੂ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਪਣੀ ਖੁਸ਼ੀ ਜਾਹਰ ਕਰਦਿਆਂ ਸੰਸਥਾ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਅਤੇ ਸਕੂਲ ਦੇ ਪਿ੍ੰਸੀਪਲ ਮਨੀਸ਼ਾ ਸੂਦ ਨੇ ਜੇਤੂ ਵਿਦਿਆਰਥਣ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਸ ਨੂੰ ਸਨਮਾਨਿਤ ਕੀਤਾ |