ਪੱਟੀ, 19 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਧਾਨ ਸਭਾ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ | ਇਸ ਦੌਰਾਨ ਪਿੰਡ ਕੋਟ ਬੁੱਢਾ, ਜੱਲੋਕੇ, ਸਭਰਾ ਅਤੇ ਨੇੜਲੇ ਹੜ੍ਹ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੜ੍ਹ ਨਾਲ ਹੋਏ ਨੁਕਸਾਨ ਦੀ ਭਰਪਾਈ ਤਾਂ ਨਹੀਂ ਹੋ ਸਕਦੀ ਪਰ ਸਰਕਾਰ ਉਨ੍ਹਾਂ ਦੇ ਦੁੱਖ ਘਟਾਉਣ ਲਈ ਵੱਡੇ ਪੱਧਰ 'ਤੇ ਰਾਹਤ ਕਾਰਜ ਕਰ ਰਹੀ ਹੈ | ਉਨਾਂ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਹੜ੍ਹ ਦੇ ਪਾਣੀ ਨਾਲ ਫਸਲਾਂ ਖ਼ਰਾਬ ਹੁੰਦੀਆਂ ਰਹੀਆਂ ਹਨ ਪਰ ਇਹ ਪਹਿਲੀ ਵਾਰ ਹੈ ਜਦ ਭਗਵੰਤ ਮਾਨ ਸਰਕਾਰ ਨੇ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਜਿੱਥੇ ਫੌਰੀ ਰਾਹਤ ਦੇ ਤੌਰ 'ਤੇ ਪਸ਼ੂਆਂ ਲਈ ਚਾਰਾ, ਚੌਕਰ ਅਤੇ ਡੀਜ਼ਲ ਦਿੱਤਾ, ਉੱਥੇ ਮੁਫਤ ਕਣਕ ਦੇ ਬੀਜ ਦਾ ਵੀ ਪ੍ਰਬੰਧ ਕੀਤਾ ਗਿਆ | ਜਿਸ ਤਹਿਤ ਹੁਣ ਤੱਕ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਰਕਬੇ ਵਿਚ 8000 ਕੁਇੰਟਲ ਦੇ ਕਰੀਬ ਕਣਕ ਦਾ ਬੀਜ਼ ਮੁਫ਼ਤ ਵੰਡਿਆ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਪਰ ਇਸ ਨਾਲ ਇਕਮਿਕ ਹੋ ਕੇ ਫਾਇਦਾ ਲਿਆ ਜਾ ਸਕਦਾ ਹੈ, ਇਸ ਲਈ ਕੁਦਰਤ ਦੀ ਸਾਂਭ ਸੰਭਾਲ ਕਰਦਿਆਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਅੱਗ ਲਗਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਨਾਲ ਹੀ ਵਾਤਾਵਰਨ ਪ੍ਰਦੂਸ਼ਿਤ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਤੇ ਜ਼ਿਲ੍ਹੇ ਵਿਚ ਹੁਣ ਤੱਕ 10 ਕਰੋੜ ਦੀ ਸਬਸਿਡੀ ਦਿੱਤੀ ਜਾ ਚੁੱਕੀ ਹੈ | ਇਸ ਮੌਕੇ ਤਹਿਸੀਲਦਾਰ ਅੰਮਿ੍ਤਪਾਲ ਕੌਰ, ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਡਾ.ਤੇਜਬੀਰ ਸਿੰਘ, ਬਲਾਕ ਖੇਤੀਬਾੜੀ ਅਫਸਰ , ਪੱਟੀ ਡਾ.ਭੁਪਿੰਦਰ ਸਿੰਘ, ਚੇਅਰਮੈਨ ਦਿਲਬਾਗ ਸਿੰਘ ਪੀਏ, ਰਣਜੀਤ ਸਿੰਘ ਸਰਪੰਚ ਕੋਟ ਬੁੱਢਾ ਰਜਿੰਦਰ ਕੁਮਾਰ ਏ.ਈ.ਓ,, ਮਨਮੋਹਨ ਸਿੰਘ ਏ.ਈ.ਓ., ਗੁਰਪ੍ਰੀਤ ਸਿੰਘ ਬੀ.ਟੀ.ਐੱਮ, ਵਿਕਰਮ ਸੂਦ, ਸੁਨੀਲ ਕੁਮਾਰ , ਡਾ. ਹਰਗਿਆਨ ਸਿੰਘ, ਜਗਰੂਪ ਸਿੰਘ ਬਲਾਕ ਪ੍ਰਧਾਨ, ਰਾਜੂ ਸਰਪੰਚ, ਸੁਖਜਿੰਦਰ ਸਿੰਘ ਸਰਪੰਚ ਸੀਤੋਂ ਮਹਿ ਝੁੱਗੀਆਂ, ਭੋਲਾ ਪ੍ਰਧਾਨ, ਅਵਤਾਰ ਸਿੰਘ ਮੈਂਬਰ, ਲਵਪ੍ਰੀਤ ਸਿੰਘ ਮੈਂਬਰ, ਸੁਰਜੀਤ ਸਿੰਘ ਦੋਧੀ, ਬਾਬਾ ਬਲਵਿੰਦਰ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਹਾਜ਼ਰ ਹੋਏ |