ਸਰਹਾਲੀ ਕਲਾਂ, 19 ਨਵੰਬਰ (ਅਜੈ ਸਿੰਘ ਹੁੰਦਲ)-ਭਾਰਤੀ ਕਮਿਊਨਿਸਟ ਪਾਰਟੀ ਬਲਾਕ ਨੌਸ਼ਹਿਰਾ-ਚੋਹਲਾ ਦੀ ਬਲਾਕ ਦੀ ਚੋਣ ਸਰਹਾਲੀ ਕਲਾਂ ਕਾ. ਗੌਰਵਜੀਤ ਸਿੰਘ ਦੇ ਗ੍ਰਹਿ ਵਿਖੇ ਕਾ. ਲੇਖ ਸਿੰਘ ਦਦੇਹਰ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ | ਕਾਨਫਰੰਸ ਦੇ ਸ਼ੁਰੂ ਵਿਚ ਪਿਛਲੇ ਸਮੇਂ ਵਿਛੋੜਾ ਦੇ ਗਏ ਆਗੂਆਂ ਨੂੰ ਇਕ ਸ਼ੋਕ ਮਤੇ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਗਈ | ਸ਼ੋਕ ਮਤੇ ਵਿਚ ਕਾ. ਸਵਰਨ ਸਿੰਘ ਨਾਗੋਕੇ, ਕਾ. ਸਤਪਾਲ ਕੌਰ ਤਰਨ ਤਾਰਨ, ਕਾ. ਸਵਰਨ ਕੌਰ ਢੋਟੀਆਂ, ਕਾ. ਹਰਨਾਮ ਸਿੰਘ, ਕਾ. ਅਮਰੀਕ ਸਿੰਘ ਚੋਹਲਾ ਸਾਹਿਬ ਦੇ ਨਾਂਅ ਸ਼ਾਮਿਲ ਹਨ | ਕਾਨਫਰੰਸ ਦੇ ਉਦਘਾਟਨੀ ਭਾਸ਼ਣ ਵਿਚ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਐਗਜੈਕਟਿਵ ਮੈਂਬਰ ਕਾ. ਚਰਨ ਸਿੰਘ ਤਰਨ ਤਾਰਨ ਨੇ ਦੇਸ਼ ਵਿਚ ਜਮਹੂਰੀਅਤ ਦਾ ਗਲਾ ਘੁੱਟੇ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਹੁਣੇ ਜਿਹੇ ਬਿਹਾਰ ਵਿਚ ਹੋਈਆਂ ਚੋਣਾਂ ਵਿਚ ਸੱਤਾਧਾਰੀ ਧਿਰ ਨੇ ਹਰ ਤਰ੍ਹਾਂ ਦਾ ਭਿ੍ਸ਼ਟ ਤਰੀਕਾ ਵਰਤ ਕੇ ਚੋਣ ਜਿੱਤੀ ਹੈ | ਤਰਨ ਤਾਰਨ ਦੀ ਜ਼ਿਮਨੀ ਚੋਣ ਵਿਚ ਜਮਹੂਰੀਅਤ ਦੀਆ ਧੱਜੀਆਂ ਉਡਦੀਆਂ ਅਸੀਂ ਅੱਖੀਂ ਵੇਖੀਆਂ ਹਨ | ਸੀ.ਪੀ.ਆਈ. ਦੇ ਬਲਾਕ ਸਕੱਤਰ ਕਾ. ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ | ਰਿਪੋਰਟ 'ਤੇ ਚਰਚਾ ਤੋਂ ਉਪਰੰਤ ਰਿਪੋਰਟ ਸਰਬਸੰਮਤੀ ਨਾਲ ਪਾਸ ਕਰ ਦਿੱਤੀ ਗਈ | ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਸਕੱਤਰੇਤ ਮੈਂਬਰ ਕਾ. ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਸਭ ਤੋਂ ਪਹਿਲਾਂ ਸਤੰਬਰ ਮਹੀਨੇ ਵਿਚ ਚੰਡੀਗੜ੍ਹ ਵਿਖੇ ਹੋਈ ਸਫ਼ਲ ਪਾਰਟੀ ਕਾਂਗਰਸ ਦੀ ਬਲਾਕ ਕਾਨਫਰੰਸ ਵਿਚ ਸਾਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਪਾਰਟੀ ਕਾਂਗਰਸ ਦੀ ਸਫ਼ਲਤਾ ਨਾਲ ਪੰਜਾਬ ਸੀ.ਪੀ.ਆਈ. ਦਾ ਸਮੁੱਚੇ ਦੇਸ਼ ਵਿਚ ਕੱਦ ਉੱਚਾ ਹੋਇਆ ਹੈ | ਕਾ. ਸਰਹਾਲੀ ਕਲਾਂ ਨੇ ਪੰਜਾਬ ਦੇ ਸਿਆਸੀ ਸਮਾਜੀ ਤੇ ਆਰਥਿਕ ਹਾਲਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਪਾਸੇ ਨਿਘਾਰ ਨਜ਼ਰ ਆ ਰਿਹਾ ਹੈ | ਇਸੇ ਦੌਰਾਨ 13 ਮੈਂਬਰੀ ਬਲਾਕ ਕਮੇਟੀ ਸਰਬ ਸੰਮਤੀ ਨਾਲ ਚੁਣੀ ਗਈ, ਜਿਸ ਵਿਚ ਵਿਚ ਕਾ. ਬਲਵਿੰਦਰ ਸਿੰਘ ਦਦੇਹਰ ਸਾਹਿਬ, ਕਾ. ਦੇਵੀ ਕੁਮਾਰੀ, ਕਾ. ਲੇਖ ਸਿੰਘ, ਕਾ. ਪਰਮਜੀਤ ਸਿੰਘ, ਕਾ. ਬੂਟਾ ਸਿੰਘ, ਕਾ. ਗੌਰਵਜੀਤ ਸਿੰਘ, ਕਾ. ਰਜਿੰਦਰ ਸਿੰਘ, ਕਾ. ਸੁਰਜੀਤ ਸਿੰਘ, ਕਾ. ਸੀਮਾ, ਕਾ. ਲਖਵਿੰਦਰ ਸਿੰਘ, ਕਾ. ਭਪਿੰਦਰ ਸਿੰਘ, ਕਾ. ਹਰਜਿੰਦਰ ਕੌਰ, ਕਾ. ਬਲਵਿੰਦਰ ਸਿੰਘ ਆਦਿ ਸ਼ਾਮਿਲ ਹੋਏ | ਸਕੱਤਰ ਦੇ ਅਹੁਦੇ ਲਈ ਕਾ. ਰਜਿੰਦਰ ਸਿੰਘ ਚੋਹਲਾ ਸਾਹਿਬ ਨੇ ਕਾ. ਬਲਵਿੰਦਰ ਸਿੰਘ ਦਦੇਹਰ ਸਾਹਿਬ ਦਾ ਨਾਂਅ ਪੇਸ਼ ਕੀਤਾ, ਜੋ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ | ਇਸੇ ਤਰ੍ਹਾਂ ਕਾ. ਪਰਮਜੀਤ ਸਿੰਘ ਚੋਹਲਾ ਸਾਹਿਬ, ਕਾ. ਹਰਜਿੰਦਰ ਕੌਰ ਸਰਹਾਲੀ ਕਲਾਂ ਮੀਤ ਸਕੱਤਰ ਚੁਣੇ ਗਏ | ਜ਼ਿਲ੍ਹੇ ਦੇ ਇਜਲਾਸ ਲਈ 13 ਡੈਲੀਗੇਟਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਮੀਤ ਸਕੱਤਰ ਕਾ. ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਸਫਲ ਕਾਨਫਰੰਸ ਦੀ ਵਧਾਈ ਦਿੱਤੀ |