ਹਰੀਕੇ ਪੱਤਣ, 18 ਨਵੰਬਰ ( ਸੰਜੀਵ ਕੁੰਦਰਾ)- ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ ਹਰੀਕੇ ਵਿਖੇ ਬਾਲ ਦਿਵਸ ਦੇ ਸਬੰਧ ਵਿਚ ਵਿਦਿਆਰਥੀਆਂ ਦੀ ਫੈਂਸੀ ਡਰੈਸ, ਡਾਂਸ, ਸੋਲੋ ਐਕਟਿੰਗ ਅਤੇ ਕਮੇਡੀ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦੇ ਵਿਚ ਨਰਸਰੀ ਤੋਂ ਲੈ ਕੇ ਬਾਰਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੁਆਰਾ ਹਿੱਸਾ ਲਿਆ ਗਿਆ | ਇਨ੍ਹਾਂ ਮੁਕਾਬਲਿਆਂ ਵਿਚ ਬਤੌਰ ਮੁੱਖ ਮਹਿਮਾਨ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਅਤੇ ਜੱਜਮੈਂਟ ਹਿੱਤ ਪ੍ਰਸਿੱਧ ਥੀਏਟਰ ਆਰਟਿਸਟ ਬਿਕਰਮਜੀਤ ਬਿੰਨੀ ਅਤੇ ਮਿਸ ਅਨੁਰਾਧਾ ਨੂੰ ਬੁਲਾਇਆ ਗਿਆ ਗਿਆ | ਉਨ੍ਹਾਂ ਦੁਆਰਾ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਕਲਾ ਦੀ ਕਸੌਟੀ ਉੱਪਰ ਬਾਖ਼ੂਬੀ ਪਰਖਿਆ ਗਿਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਥਿਏਟਰ ਦੀ ਦੁਨੀਆ, ਰੰਗ ਮੰਚ ਦੀ ਦੁਨੀਆ, ਅਦਾਕਾਰੀ ਦੀ ਦੁਨੀਆ ਅਤੇ ਐਕਟਿੰਗ ਦੇ ਗੁਣ ਸਮਝਾਏ | ਉਨ੍ਹਾਂ ਵਿਦਿਆਰਥੀਆਂ ਨੂੰ ਪੈਸੇ ਦੀ ਸੁਚੱਜੀ ਅਤੇ ਪੈਸੇ ਦੀ ਖੁਸ਼ਹਾਲੀ ਦੀ ਜਿੰਦਗੀ ਦੇ ਵਿਚ ਅਹਿਮੀਅਤ ਨੂੰ ਬਾਖੂਬੀ ਸਮਝਾਇਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਥਿਏਟਰ ਦੇ ਸਫ਼ਰ ਤੋਂ ਵੀ ਜਾਣੂ ਕਰਵਾਇਆ ਅਤੇ ਵਿਦਿਆਰਥੀਆਂ ਦੀ ਜ਼ਿੰਦਗੀ 'ਚ ਸਕੂਲ ਦੀ ਅਹਿਮੀਅਤ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਉਜਾਗਰ ਕੀਤਾ | ਛੋਟੇ-ਛੋਟੇ ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਸਭ ਦਾ ਹੀ ਮਨ ਮੋਹ ਲਿਆ, ਉੱਥੇ ਹੀ ਡਰੈੱਸ ਦੇ ਵਿਚ ਵੱਖ-ਵੱਖ ਕਿਰਦਾਰ ਨਿਭਾਉਂਦੇ ਹੋਏ ਵਿਦਿਆਰਥੀ ਵੀ ਰੰਗ ਬੰਨ੍ਹ ਗਏ | ਇਸ ਪ੍ਰੋਗਰਾਮ ਦੀ ਸਭ ਤੋਂ ਖੂਬਸੂਰਤ ਪੇਸ਼ਕਾਰੀ ਭੰਡਾਂ ਦੀ ਅਦਾਕਾਰੀ ਰਹੀ | ਸਕੂਲ ਮੈਨੇਜਿੰਗ ਡਾਇਰੈਕਟਰ ਸਤੀਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਹੋਇਆਂ ਉਨ੍ਹਾਂ ਨੂੰ ਜੀ ਆਇਆਂ ਆਖਿਆ | ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਿੰਦਗੀ ਦੀ ਅਹਿਮੀਅਤ ਸਮਝਾਉਂਦਿਆਂ ਹੋਇਆਂ ਕਿਹਾ ਕਿ ਜ਼ਿੰਦਗੀ ਵੀ ਇਕ ਨਾਟਕ ਦੀ ਤਰ੍ਹਾਂ ਹੈ, ਜਿੱਥੇ ਹਰ ਅਦਾਕਾਰ ਆਪਣਾ ਰੋਲ ਅਦਾ ਕਰਦਾ ਹੈ, ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣਾ ਰੋਲ ਇਸ ਤਰ੍ਹਾਂ ਨਿਭਾਈਏ ਕਿ ਨਾਟਕ ਖਤਮ ਹੋਣ ਉਪਰੰਤ ਤਾੜੀਆਂ ਦੀ ਗੂੰਜ ਬਰਕਰਾਰ ਰਹੇ | ਪਿ੍ੰਸੀਪਲ ਸੰਦੀਪ ਕੌਰ ਅਤੇ ਅਤੇ ਸਮੂਹ ਸਟਾਫ ਦੁਆਰਾ ਉਨ੍ਹਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ |