ਤਰਨ ਤਾਰਨ, 18 ਨਵੰਬਰ (ਹਰਿੰਦਰ ਸਿੰਘ)- ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਇਕ ਘਰ ਵਿਚ ਨਾਜਾਇਜ਼ ਤੌਰ 'ਤੇ ਕੱਢੀ ਜਾ ਰਹੀ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਪੁਲਿਸ ਵਲੋਂ ਛਾਪੇਮਾਰੀ ਦੌਰਾਨ 360 ਲੀਟਰ ਲਾਹਣ, 33750 ਮਿਲੀਲੀਟਰ ਨਾਜਾਇਜ਼ ਸ਼ਰਾਬ, 1 ਛਕਾਲਾ, 1 ਖਾਲੀ ਡਰਾਮ ਬਰਾਮਦ ਕੀਤਾ ਹੈ ਅਤੇ ਇਸ ਮਾਮਲੇ ਵਿਚ ਮਾਂ-ਪੁੱਤਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸਿਟੀ ਤਰਨ ਤਾਰਨ ਦੇ ਐੱਸ.ਆਈ. ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੁਰਲਾਲ ਸਿੰਘ ਪੁੱਤਰ ਸਾਧੂ ਸਿੰਘ, ਸੁੱਖੋ ਪਤਨੀ ਸਾਧੂ ਸਿੰਘ ਵਾਸੀ ਕੋਟ ਘਰਮ ਚੰਦ ਕਲਾਂ ਹਾਲ ਵਾਸੀ ਕੈਟੇਂਡ ਰੇਜੀਡੈਂਸੀ ਕਾਲੋਨੀ ਬਾਲੇਚੱਕ ਤਰਨ ਤਾਰਨ ਆਪਣੇ ਘਰ ਵਿਚ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਦੇ ਹਨ, ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਉਕਤ ਦੋਵੇਂ ਮਾਂ-ਪੁੱਤ ਕਾਬੂ ਆ ਸਕਦੇ ਹਨ, ਤਾਂ ਤੁਰੰਤ ਉਨ੍ਹਾਂ ਪੁਲਿਸ ਪਾਰਟੀ ਸਮੇਤ ਛਾਪੇਮਾਰੀ ਦੌਰਾਨ ਉਕਤ ਘਰ ਵਿਚੋਂ 360 ਲੀਟਰ ਲਾਹਣ, 33750 ਮਿਲੀਲੀਟਰ ਨਾਜਾਇਜ਼ ਸ਼ਰਾਬ, ਇਕ ਛਕਾਲਾ, 1 ਖਾਲੀ ਡਰੰਮ ਲੋਹਾ ਬਰਾਮਦ ਕੀਤਾ ਹੈ | ਉਨ੍ਹਾਂ ਦੱਸਿਆ ਕਿ ਉਕਤ ਮਾਂ-ਪੁੱਤਰ ਫ਼ਰਾਰ ਹਨ, ਜਿਨ੍ਹਾਂ ਖ਼ਿਲਾਫ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |