ਸ਼ਾਹਬਾਜ਼ਪੁਰ, 18 ਅਕਤੂਬਰ (ਪ੍ਰਦੀਪ ਬੇਗੇਪੁਰ)-ਹਾਲ ਹੀ 'ਚ ਹੋਈ ਤਰਨ ਤਾਰਨ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ਜਬਰਦਸਤ ਟੱਕਰ ਦਿੱਤੀ, ਜਿਸ ਨੂੰ ਲੈ ਕੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਬੁਖਲਾਹਟ ਵਿਚ ਹੈ ਤੇ ਅਕਾਲੀ ਵਰਕਰਾਂ 'ਤੇ ਨਾਜਾਇਜ਼ ਪਰਚੇ ਦਰਜ ਕਰ ਰਹੀ ਹੈ, ਇਸ ਦੀ ਤਾਜ਼ਾ ਮਿਸਾਲ ਪਹਿਲਾਂ ਪੁਲਿਸ ਵਲੋਂ ਆਈ.ਈ. ਵਿੰਗ ਦੇ ਨਛੱਤਰ ਸਿੰਘ ਗਿੱਲ ਅਤੇ ਹੁਣ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਦੇ ਗ੍ਰਹਿ ਵਿਖੇ ਪੁੱਜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਅਕਾਲੀ ਦਲ ਯੂਥ ਆਗੂ ਗੌਰਵਦੀਪ ਸਿੰਘ ਵਲਟੋਹਾ, ਬੀਬੀ ਸੁਖਵਿੰਦਰ ਕੌਰ ਰੰਧਾਵਾ ਵੀ ਉਨ੍ਹਾਂ ਨਾਲ ਸਨ | ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਝੁਜਾਰੂ ਵਰਕਰ ਝੂਠੇ ਪਰਚਿਆਂ ਤੋਂ ਡਰਨ ਵਾਲੇ ਨਹੀਂ, 'ਆਪ' ਸਰਕਾਰ ਦੀਆਂ ਕੋਝੀਆਂ ਨੀਤੀਆਂ ਸਗੋਂ ਉਨ੍ਹਾਂ ਨੂੰ ਹੋਰ ਮਜ਼ਬੂਤ ਕਰ ਰਹੀਆਂ ਹਨ | ਉਨ੍ਹਾਂ ਚੇਅਰਮੈਨ ਸ਼ੇਖ ਦੀ ਧਰਮਪਤਨੀ ਬੀਬੀ ਜਸਵਿੰਦਰ ਕੌਰ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਹੌਂਸਲਾ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਵਰਕਰਾਂ ਦੇ ਨਾਲ ਹਰ ਦੁੱਖ ਸੁੱਖ ਵਿਚ ਨਾਲ ਖੜ੍ਹਾ ਹੈ | ਇਸ ਮੌਕੇ ਸਾਬਕਾ ਵਿਧਾਇਕ ਰਵਿੰਦਰ ਬ੍ਰਹਮਪੁਰਾ ਨੇ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ਵਿਚ 'ਆਪ' ਸਰਕਾਰ ਨੇ ਪ੍ਰਸ਼ਾਸਨ ਤੇ ਸਰਕਾਰੀ ਮਸ਼ੀਨਰੀ ਦੀ ਰੱਜ ਕੇ ਦੁਰਵਰਤੋਂ ਕੀਤੀ ਹੈ ਅਤੇ ਅਕਾਲੀ ਦਲ ਦੀ ਹਾਰ ਦੇ ਬਾਵਜੂਦ ਵੀ ਇੰਨੀ ਡਰੀ ਹੋਈ ਹੈ ਕਿ ਅਕਾਲੀ ਵਰਕਰਾਂ 'ਤੇ ਨਾਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ | ਇਸ ਮੌਕੇ ਗਿਆਨ ਸਿੰਘ ਸ਼ਾਹਬਾਜ਼ਪੁਰ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਿਲਬਾਗ ਸਿੰਘ ਗੁਲਾਲੀਪੁਰ ਸਾਬਕਾ ਸਰਪੰਚ, ਰਣਜੀਤ ਸਿੰਘ ਮੰਮਣਕੇ ਸਾਬਕਾ ਸਰਪੰਚ, ਅਮਰਜੀਤ ਸਿੰਘ ਭਿੱਖੀਵਿੰਡ, ਹਰਜੀਤ ਸਿੰਘ ਬਲ੍ਹੇਰ, ਗੁਰਦਤਾਰ ਸਿੰਘ ਬੈਂਕਾ, ਮਿਲਖਾ ਸਿੰਘ ਸ਼ਾਹ, ਪਲਵਿੰਦਰ ਸਿੰਘ ਪਿੰਕਾ, ਗੁਰਪ੍ਰੀਤ ਸਿੰਘ ਗੋਲਡੀ, ਗੁਰਵਿੰਦਰ ਸਿੰਘ ਗਿੱਲ ਸਾਬਕਾ ਸਰਪੰਚ, ਦਇਆ ਸਿੰਘ ਸਰਾਏਾ ਦੀਵਾਨਾ, ਸਤਨਾਮ ਸਿੰਘ ਜੀਓਬਾਲਾ, ਜਗਜੀਤ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ |