29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਕਰਮਚਾਰੀਆਂ ਵਲੋਂ ਡੀ. ਸੀ. ਦਫ਼ਤਰ ਅੱਗੇ ਧਰਨਾ

ਅਜੀਤ ਡੈਸਕ 08-11-2025
ਤਰਨ ਤਾਰਨ, 7 ਨਵੰਬਰ (ਇਕਬਾਲ ਸਿੰਘ ਸੋਢੀ)-ਪੰਜਾਬ ਰਾਜ ਏਡਿਡ ਸਕੂਲ ਅਧਿਆਪਕ ਤੇ ਹੋਰ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਤਰਨ ਤਾਰਨ ਅੱਗੇ ਆਪਣੀਆਂ ਰੁਕੀਆਂ ਤਨਖ਼ਾਹਾਂ ਬਿਨਾਂ ਸ਼ਰਤ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਜਬਰਦਸਤ ਰੋਸ ਮੁਜ਼ਾਹਰਾ ਕਰਦਿਆਂ ਖ਼ੁਦ ਨੂੰ ਗਿ੍ਫ਼ਤਾਰੀ ਲਈ ਪੇਸ਼ ਕੀਤਾ | ਇਸ ਰੋਸ ਮੁਜਾਹਰੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਅਧਿਆਪਕ ਅਤੇ ਸੇਵਾ ਮੁਕਤ ਕਰਮਚਾਰੀ ਆਪਣੇ ਪਰਿਵਾਰਾਂ ਸਮੇਤ ਪਹੁੰਚੇ | ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਜਨ. ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਨੇ ਕਿਹਾ ਕਿ ਗ੍ਰਾਂਟ ਇਨ ਏਡ ਦੇ ਰੂਪ ਵਿਚ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਤਨਖ਼ਾਹ ਨੂੰ ਪਿਛਲੇ ਅੱਠ ਮਹੀਨਿਆਂ ਤੋਂ ਵਿੱਤ ਵਿਭਾਗ ਵਲੋਂ ਮੈਨੇਜ਼ਮੈਂਟ ਖ਼ਾਤਿਆਂ ਦੀ ਬੇਲੋੜੀ ਚੈਕਿੰਗ ਕਾਰਨ ਬੰਦ ਕੀਤੀ ਗਈ ਹੈ, ਜੋ ਏਡਿਡ ਸਕੂਲ ਕਰਮਚਾਰੀਆਂ ਨਾਲ ਸਰਕਾਰ ਦਾ ਸ਼ਰੇਆਮ ਧੱਕਾ ਹੈ | ਇਨ੍ਹਾਂ ਸਕੂਲਾਂ ਵਿਚ 8100 ਆਸਾਮੀਆਂ ਮੌਜੂਦਾ ਸਮੇਂ ਖ਼ਾਲੀ ਹੋਣ ਦੇ ਬਾਵਜੂਦ ਬੜੀਆਂ ਮੁਸ਼ਕਿਲਾਂ ਨਾਲ ਦਾਨ ਲੈ ਕੇ ਜਾਂ ਖੁਦ ਹੀ ਪੈਸੇ ਇਕੱਠੇ ਕਰਕੇ ਸਕੂਲ ਚਲਾਏ ਜਾ ਰਹੇ ਹਨ | ਅਜਿਹੀ ਹਾਲਤ ਵਿਚ ਗ੍ਰਾਂਟ ਦੇਰੀ ਨਾਲ ਜਾਰੀ ਕਰਨੀ ਕਰਮਚਾਰੀਆਂ ਦੇ ਹੱਕਾਂ 'ਤੇ ਕੁਹਾੜਾ ਮਾਰਨ ਵਾਂਗ ਹੈ | ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਉਹ ਸਰਕਾਰ ਹੈ, ਜੋ ਆਪਦੇ ਚੋਣ ਮਨੋਰਥ ਪੱਤਰ ਵਿਚ ਏਡਿਡ ਸਕੂਲਾਂ ਨੂੰ ਸਰਕਾਰੀ ਸਕੂਲਾਂ ਬਰਾਬਰ ਦਾ ਮਾਣ ਦੇਣ ਦਾ ਵਾਅਦਾ ਕਰਦੀ ਸੀ, ਪਰ ਹੁਣ ਇਨ੍ਹਾਂ ਵਲੋਂ ਏਡਿਡ ਸਕੂਲਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ | ਪੰਜਾਬ ਏਡਿਡ ਸਕੂਲ ਪੈਨਸ਼ਨਰਜ਼ ਐਸੋ. ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ, ਜਨਰਲ ਸਕੱਤਰ ਡਾ. ਗੁਰਮੀਤ ਸਿੰਘ ਅਤੇ ਕੈਸ਼ੀਅਰ ਕੇ.ਕੇ. ਜੋਸ਼ੀ ਨੇ ਕਿਹਾ ਕਿ ਹੁਣ ਤੱਕ ਦੇ ਇਤਿਹਾਸ ਵਿਚ ਸਰਕਾਰ ਚਾਹੇ ਕੋਈ ਵੀ ਹੋਵੇ, ਉਸ ਨੂੰ ਏਡਿਡ ਸਕੂਲ ਕਰਮਚਾਰੀਆਂ ਦੇ ਰੋਹ ਅੱਗੇ ਝੁਕਣਾ ਪਿਆ ਹੈ | ਇਸ ਮੌਕੇ ਮੈਨੇਜ਼ਮੈਂਟ ਐਸੋ. ਦੇ ਪ੍ਰਧਾਨ ਪਿ੍ੰ. ਸੇਵਾ ਸਿੰਘ ਚਾਵਲਾ, ਪਿ੍ੰ. ਪ੍ਰਦੀਪ ਸਰੀਨ, ਸੀਨੀ. ਆਗੂ ਐੱਨ.ਐੱਸ. ਸੈਣੀ ਸਮੇਤ ਆਏ ਹੋਰ ਕਰਮਚਾਰੀਆਂ ਨੇ ਖ਼ੁਦ ਨੂੰ ਗਿ੍ਫ਼ਤਾਰੀ ਲਈ ਪੇਸ਼ ਕੀਤਾ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ |
ਪਿਛਲੀ ਖ਼ਬਰ ਕਮਿਊਨਿਟੀ ਹੈਲਥ ਸੈਂਟਰ ਨੌਸ਼ਹਿਰਾ ਪਨੂੰਆਂ ਦੇ ਫਾਰਮਾਸਿਸਟ ਦੀ ਬਦਲੀ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਪਿੰਡ ਦਬੁਰਜੀ ਵਿਖੇ ਚੋਣ ਜਲਸੇ ਨੂੰ ਸੁਖਬੀਰ ਸਿੰਘ ਬਾਦਲ ਨੇ ਕੀਤਾ ਸੰਬੋਧਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।