ਤਰਨ ਤਾਰਨ, 7 ਨਵੰਬਰ (ਪਰਮਜੀਤ ਜੋਸ਼ੀ)-ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਤਰਨ ਤਾਰਨ ਜ਼ਿਮਨੀ ਚੋਣ ਦੇ ਇਕ ਜਲਸੇ ਦੌਰਾਨ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਸਟੇਜ 'ਤੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਤੋਂ ਉੱਪਰ ਆਪਣੀਆਂ ਫੋਟੋਆਂ ਲਗਾਉਣ ਲਈ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਇਸ ਨੂੰ ਗੁਰੂ ਸਾਹਿਬਾਨਾਂ ਦਾ ਨਿਰਾਦਰ ਦੱਸਿਆ | ਸ਼ੈਰੀ ਕਲਸੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਸਿੱਖ ਪੰਥ ਅਤੇ ਗੁਰੂ ਸਾਹਿਬਾਨਾਂ ਪ੍ਰਤੀ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕਰਦੀ ਆਈ ਹੈ | ਤਰਨ ਤਾਰਨ ਵਿਚ ਵਾਪਰੀ ਇਹ ਘਟਨਾ ਕਾਂਗਰਸ ਅਤੇ ਇਸ ਦੇ ਆਗੂਆਂ ਦੀ ਗੁਰੂ ਸਾਹਿਬਾਨਾਂ ਪ੍ਰਤੀ ਉਨ੍ਹਾਂ ਦੀ ਮਾੜੀ ਸੋਚ ਨੂੰ ਉਜਾਗਰ ਕਰਦੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਲਈ ਨਾ ਤਾਂ ਸਿੱਖ ਮਾਇਨੇ ਰੱਖਦੇ ਹਨ ਅਤੇ ਨਾ ਹੀ ਪੰਥ, ਇਹ ਸਿਰਫ਼ ਵੋਟਾਂ ਖਾਤਰ ਗੁਰੂ ਸਾਹਿਬਾਨਾਂ ਨੂੰ ਸਤਿਕਾਰ ਦੇਣ ਦਾ ਦਿਖਾਵਾ ਕਰਦੇ ਹਨ | ਕਲਸੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਿਸ ਤਰ੍ਹਾਂ ਕਾਂਗਰਸ ਨੇ ਆਪਣੇ ਰਾਜ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰੂ ਘਰਾਂ 'ਤੇ ਹਮਲੇ ਕੀਤੇ ਸਨ | ਅੱਜ ਫਿਰ ਚੋਣ ਜਲਸੇ ਵਿਚ ਗੁਰੂ ਸਾਹਿਬ ਦੀ ਤਸਵੀਰ ਦੀ ਬੇਕਦਰੀ ਕਰਕੇ ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਅਜੇ ਵੀ ਸਿੱਖ ਅਤੇ ਪੰਥ ਵਿਰੋਧੀ ਮਾਨਸਿਕਤਾ ਰੱਖਦੀ ਹੈ | 'ਆਪ' ਕਾਰਜਕਾਰੀ ਪ੍ਰਧਾਨ ਨੇ ਮੰਗ ਕੀਤੀ ਕਿ ਕਾਂਗਰਸ ਪਾਰਟੀ ਇਸ ਘਟੀਆ ਹਰਕਤ ਲਈ ਤੁਰੰਤ ਮੁਆਫੀ ਮੰਗੇ | ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੂੰ ਦੁਨੀਆ ਭਰ ਵਿਚ ਵੱਸਦੀ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਅਤੇ ਸਿੱਖ ਪੰਥ ਤੋਂ ਆਪਣੇ ਇਸ ਗੁਨਾਹ ਲਈ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ |