ਤਰਨ ਤਾਰਨ, 6 ਨਵੰਬਰ (ਹਰਿੰਦਰ ਸਿੰਘ)- ਵਿਧਾਨ ਸਭਾ ਵਿਚ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜੰਡਿਆਲਾ ਰੋਡ ਵਾਰਡ ਨੰਬਰ 1 ਅਤੇ ਪਿੰਡ ਕੱਕਾ ਕੰਡਿਆਲਾ ਵਿਚ ਕਰਨ ਬੁਰਜ ਲਈ ਚੋਣ ਪ੍ਰਚਾਰ ਕੀਤਾ | ਇਸ ਮੌਕੇ ਉਨ੍ਹਾਂ ਨਾਲ ਵਿਕਾਸ ਸੋਨੀ, ਕਾਂਗਰਸ ਦੇ ਯੁਵਾ ਆਗੂ ਰਾਜਬੀਰ ਸਿੰਘ ਭੁੱਲਰ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅਤੇ ਸੰਤੋਖ ਸਿੰਘ ਭਲਾਈਪੁਰ ਵੀ ਸਨ | ਬਾਜਵਾ ਨੇ ਕਿਹਾ ਕਿ ਅਕਾਲੀ ਦਲ ਅਤੇ 'ਆਪ' ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਚੱਲ ਰਹੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਹਨ | ਬਿਨਾਂ ਕਿਸੇ ਜਾਂਚ ਦੇ ਰਾਸ਼ਨ ਕਾਰਡਾਂ ਤੋਂ ਕਈ ਲੋੜਵੰਦ ਲੋਕਾਂ ਦੇ ਨਾਮ ਹਟਾ ਦਿੱਤੇ ਗਏ ਹਨ, ਜਿਸ ਕਾਰਨ ਲੋਕਾਂ ਵਿੱਚ ਗੁੱਸਾ ਹੈ | ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀ ਕਾਰਨ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ ਹਨ | ਸਕੂਲਾਂ ਦੀ ਹਾਲਤ ਬਾਰੇ ਗੱਲ ਕਰੀਏ ਤਾਂ ਅਧਿਆਪਕਾਂ ਦੀ ਘਾਟ ਕਾਰਨ ਸਿੱਖਿਆ ਦਾ ਪੱਧਰ ਵੀ ਡਿੱਗ ਰਿਹਾ ਹੈ | ਤਨਖਾਹਾਂ ਨਾ ਮਿਲਣ ਕਾਰਨ ਸੜਕਾਂ 'ਤੇ ਰੋਜ਼ਾਨਾ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਲੋਕ ਪੰਜਾਬ ਦੇ ਹਾਲਾਤ ਬਦਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਜਾਰੀ ਕਰਨ ਤਾਂ ਜੋ ਲੋਕ ਸਾਫ਼-ਸੁਥਰੇ ਵਾਤਾਵਰਣ ਵਿਚ ਰਹਿ ਸਕਣ | ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਖਾਸ ਕਰਕੇ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ | ਗੈਂਗਸਟਰ ਹੁਣ ਨਾ ਸਿਰਫ਼ ਆਮ ਲੋਕਾਂ ਨੂੰ ਸਗੋਂ ਕਾਂਗਰਸੀ ਵਰਕਰਾਂ ਨੂੰ ਵੀ ਧਮਕੀਆਂ ਦੇ ਰਹੇ ਹਨ ਪਰ ਕਾਂਗਰਸੀ ਵਰਕਰ ਅਜਿਹੀਆਂ ਧਮਕੀਆਂ ਤੋਂ ਨਹੀਂ ਡਰਦੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਖਾਤਮੇ ਅਤੇ ਨਸ਼ਾ ਤਸਕਰਾਂ ਨੂੰ ਰੋਕਣ ਲਈ ਕਾਂਗਰਸ ਪਾਰਟੀ ਦਾ ਸਮਰਥਨ ਕਰਨ | ਸ਼ਹਿਰਾਂ ਅਤੇ ਪਿੰਡਾਂ ਵਿਚ ਵਿਕਾਸ ਨਾ ਦੀ ਕੋਈ ਚੀਜ਼ ਨਹੀਂ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਲੋਕ ਕਰਨ ਬੁਰਜ ਨੂੰ ਇਸ ਉਪ ਚੋਣ ਵਿਚ ਵੱਡੇ ਫਰਕ ਨਾਲ ਜਿੱਤਾ ਕੇ ਵਿਧਾਨ ਸਭਾ ਵਿਚ ਭੇਜਦੇ ਹਨ, ਤਾਂ ਸ਼ਹਿਰ ਦੇ ਇਨ੍ਹਾਂ ਮੁੱਖ ਮੁੱਦਿਆਂ ਨੂੰ ਗੰਭੀਰਤਾ ਨਾਲ ਉਠਾਇਆ ਜਾਵੇਗਾ ਅਤੇ ਹੱਲ ਵੀ ਕੀਤਾ ਜਾਵੇਗਾ |
ਤਰਨ ਤਾਰਨ 'ਚ ਹਸਪਤਾਲਾਂ 'ਚ ਡਾਕਟਰਾਂ ਤੇ ਸਕੂਲਾਂ 'ਚ ਅਧਿਆਪਕਾਂ ਦੀ ਕਮੀ- ਬਾਜਵਾ ਕਿਹਾ, ਸਿਹਤ ਅਤੇ ਸਿੱਖਿਆ ਦਾ ਪੱਧਰ ਦਿਨ-ਬ-ਦਿਨ ਡਿਗ ਰਿਹਾ ਹੇਠਾਂ
ਅਜੀਤ ਡੈਸਕ
07-11-2025