ਚੋਹਲਾ ਸਾਹਿਬ, 5 ਨਵੰਬਰ (ਬਲਵਿੰਦਰ ਸਿੰਘ)-ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੁਹਾਵਾ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ | ਪੂਰਾ ਸਕੂਲ ਕੈਂਪਸ ਇਕ ਅਧਿਆਤਮਿਕ ਮਾਹੌਲ ਨਾਲ ਭਰਿਆ ਹੋਇਆ ਸੀ, ਕਿਉਂਕਿ ਵਿਦਿਆਰਥੀ, ਅਧਿਆਪਕ ਅਤੇ ਸਟਾਫ਼ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਜੀਵਨ ਨਾਲ ਸਾਂਝ ਪਾਉਣ ਲਈ ਇਕੱਠੇ ਹੋਏ ਸਨ | ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ, ਜਿਸ ਤੋਂ ਬਾਅਦ ਸਕੂਲ ਦੇ ਸੰਗੀਤ ਵਿਭਾਗ ਅਤੇ ਵਿਦਿਆਰਥੀਆਂ ਦੁਆਰਾ ਕੀਰਤਨ ਕੀਤਾ ਗਿਆ, ਜਿਸ ਵਿਚ ਸ਼ਾਂਤੀ, ਨਿਮਰਤਾ ਅਤੇ ਸਮਾਨਤਾ ਦਾ ਸੰਦੇਸ਼ ਫੈਲਾਇਆ ਗਿਆ | ਸਕੂਲ ਦੇ ਵਾਈਸ ਪਿ੍ੰਸੀਪਲ ਅਨਿਲ ਕੁਮਾਰ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੰਸਾਰ ਵਿਚ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਸਾਰਥਕਤਾ ਨੂੰ ਉਜਾਗਰ ਕੀਤਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਹਾਨ ਗੁਰੂ ਦੁਆਰਾ ਦਰਸਾਏ ਗਏ ਸੱਚ, ਸੇਵਾ ਅਤੇ ਵਿਸ਼ਵਾਸ ਦੇ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ |