ਹਰੀਕੇ ਪੱਤਣ/ ਪੱਟੀ, 31 ਅਗਸਤ (ਸੰਜੀਵ ਕੁੰਦਰਾ, ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਧਾਨ ਸਭਾ ਹਲਕਾ ਪੱਟੀ ਦੇ ਦਰਿਆਈ ਪਾਣੀ ਦੀ ਮਾਰ ਹੇਠ ਆਏ ਇਲਾਕਿਆਂ ਵਿਚ ਵਰਦ੍ਹੇਂ ਮੀਂਹ ਵਿਚ ਪਹੁੰਚ ਕੇ, ਜਿੱਥੇ ਇਨ੍ਹਾਂ ਜੱਲੋਕੇ, ਪਾਰਲੇ ਜੱਲੋਕੇ ਕੋਟ ਬੁੱਢਾ, ਭਾਊਵਾਲ, ਰਾਦਲਕੇ, ਘੜੁੰਮ, ਰਸੂਲਪੁਰ, ਝੁੱਗੀਆਂ ਨੱਥਾ ਸਿੰਘ, ਸਭਰਾ ਦੀਆਂ ਬਹਿਕਾਂ, ਘੁੱਲ਼ੇਵਾਲਾ ਅਤੇ ਭੂਰਾ ਹਥਾੜ ਆਦਿ ਪਿੰਡਾਂ ਦੇ ਲੋਕਾਂ ਦਾ ਹਾਲ ਚਾਲ ਜਾਣਿਆ, ਉੱਥੇ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਵਸਤੂਆਂ, ਰਾਸ਼ਨ, ਦਵਾਈਆਂ, ਤਰਪਾਲਾਂ ਅਤੇ ਪਸ਼ੂਆਂ ਲਈ ਚਾਰਾ, ਫ਼ੀਡ ਅਤੇ ਚੋਕਰ ਆਦਿ ਦੀ ਵੰਡ ਕੀਤੀ | ਇਸ ਦੌਰਾਨ ਕੈਬਨਿਟ ਮੰਤਰੀ ਪ੍ਰਭਾਵਿਤ ਲੋਕਾਂ ਤੱਕ ਪਹੁੰਚੇ, ਜਿੱਥੇ ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਕਿਹਾ ਕਿ ਮੈਂ ਕੁਦਰਤੀ ਆਫ਼ਤ ਦੀ ਇਸ ਮੁਸ਼ਕਿਲ ਦੀ ਘੜੀ ਵਿਚ ਹਰ ਵਕਤ ਤੁਹਾਡੇ ਨਾਲ ਖੜ੍ਹਾ ਹਾਂ | ਉਨ੍ਹਾਂ ਕਿਹਾ ਕਿ ਇਹ ਮੇਰਾ ਹਲਕਾ ਹੀ ਨਹੀਂ, ਸਗੋਂ ਮੇਰਾ ਪਰਿਵਾਰ ਹੈ ਤੇ ਮੈਂ ਆਪਣੇ ਪਰਿਵਾਰ ਦੀ ਦੁੱਖ ਦੇ ਇਨ੍ਹਾਂ ਹਾਲਤਾਂ ਵਿਚ ਹਰ ਸੰਭਵ ਮਦਦ ਕਰਨ ਵਚਨਬੱਧ ਹਾਂ | ਉਨ੍ਹਾਂ ਕਿਹਾ ਕਿ ਦਰਿਆ ਵਿਚ ਪਾਣੀ ਆਉਣ ਦੇ ਪਹਿਲੇ ਦਿਨ ਤੋਂ ਹੀ ਉਹ ਇਲਾਕੇ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ | ਇਸ ਮੌਕੇ ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਬੰਨ੍ਹ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕਰ ਰਹੇ ਹਨ | ਮੁਸ਼ਕਿਲ ਦੀ ਘੜੀ ਵਿਚ ਸਾਨੂੰ ਬਿਨਾਂ ਕਿਸੇ ਭੇਦ-ਭਾਵ ਦੇ ਮਿਲ ਕੇ ਕੰਮ ਕਰਨ ਅਤੇ ਇਕ ਦੂਜੇ ਦੀ ਮਦਦ ਕਰਨ ਦੀ ਲੋੜ ਹੈ | ਉਨ੍ਹਾਂ ਵਲੋਂ ਸਮੁੱਚੇ ਪ੍ਰਸ਼ਾਸਨ ਤੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਹਨ ਕਿ ਉਹ ਇਸ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਤੱਕ ਜ਼ਰੂਰੀ ਰਾਹਤ ਸਮੱਗਰੀ ਪਹੁੰਚਾਈ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਕੁਦਰਤੀ ਆਫਤ ਕਰਕੇ ਵਾਪਰੀ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਹਰ ਉਪਰਾਲੇ ਕਰ ਰਹੀ ਹੈ, ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਮੱਦਦ ਦੀ ਲੋੜ ਹੈ ਤਾਂ ਉਹ ਬੇਝਿਜਕ ਹੋ ਕੇ ਉਨ੍ਹਾਂ ਨੂੰ ਦੱਸਣ ਤਾਂ ਜੋ ਉਨ੍ਹਾਂ ਨੂੰ ਲੋੜੀਂਦੀ ਮੱਦਦ ਪਹੁੰਚਾਈ ਜਾ ਸਕੇ | ਉਨ੍ਹਾਂ ਕਿਹਾ ਕਿ ਹਲਕੇ ਦੇ ਪਾਣੀ ਦੀ ਮਾਰ ਹੇਠ ਆਏ ਖੇਤਰਾਂ ਵਿਚ ਉਹ ਆਪ ਰਾਸ਼ਨ ਸਮੱਗਰੀ ਲੋਕਾਂ ਤੱਕ ਲੈ ਕੇ ਪਹੁੰਚ ਰਹੇ ਹਨ ਤਾਂ ਜੋ ਕਿਸੇ ਨੂੰ ਵੀ ਇਸ ਮੁਸ਼ਕਿਲ ਦੀ ਘੜੀ ਵਿਚ ਖਾਣ-ਪੀਣ ਦੀ ਵਸਤੂਆਂ ਨੂੰ ਲੈ ਕੇ ਕੋਈ ਦਿਕਤ ਪੇਸ਼ ਨਾ ਆਵੇ | ਉਨ੍ਹਾਂ ਕਿਹਾ ਕਿ ਮਨੁੱਖੀ ਆਬਾਦੀ ਦੇ ਨਾਲ-ਨਾਲ ਪਸ਼ੁਆਂ ਲਈ ਵੀ ਉਹ ਫੀਡ, ਚਾਰਾ ਆਦਿ ਪਹੁੰਚਾਇਆ ਜਾ ਰਿਹਾ ਹੈ, ਤਾਂ ਜੋ ਬੇਜ਼ੁਬਾਨਾਂ ਦੀ ਵੀ ਬਿਹਤਰ ਢੰਗ ਨਾਲ ਸੰਭਾਲ ਹੋ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਫਸਲਾਂ ਦਾ ਵਿਸ਼ੇਸ ਗਿਰਦਾਵਰੀ ਕਰਵਾ ਕੇ ਉੱਚਿਤ ਮੁਆਵਜ਼ਾ ਦਿੱਤਾ ਜਾਵੇਗਾ |