ਤਰਨ ਤਾਰਨ, 20 ਜੁਲਾਈ (ਇਕਬਾਲ ਸਿੰਘ ਸੋਢੀ)-ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਅਧੀਨ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਪਿੱਦੀ, ਰਸੂਲਪੁਰ ਕਲਾਂ, ਰਸੂਲਪੁਰ ਖੁਰਦ, ਪਿੰਡ ਦੁਗਲਵਾਲ ਅਤੇ ਲਾਲਪੁਰ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਥਾਨਕ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕ ਕਰਨਾ ਅਤੇ ਨਸ਼ਾ ਮੁਕਤ ਪੰਜਾਬ ਦੀ ਸਥਾਪਨਾ ਲਈ ਸਮਾਜਿਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸੀ | ਇਸ ਪ੍ਰੋਗਰਾਮ ਵਿਚ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਅਤੁਲ ਸੋਨੀ ਡੀ.ਐਸ.ਪੀ. ਗੋਇੰਦਵਾਲ ਸਾਹਿਬ, ਐਸ.ਐਚ.ਓ. ਸਦਰ ਅਵਤਾਰ ਸਿੰਘ ਸੋਨਾ, ਚੇਅਰਮੈਨ ਮੰਡੀ ਬੋਰਡ ਨੌਸ਼ਹਿਰਾ ਪੰਨੂੰਆਂ ਹਰਜੀਤ ਸਿੰਘ ਸੰਧੂ, ਹਲਕਾ ਕੁਆਰਡੀਨੇਟਰ ਜਸਕਰਨ ਸਿੰਘ ਲਾਡੀ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ, ਪੰਚਾਂ-ਸਰਪੰਚਾਂ ਅਤੇ ਮੁਹਤਬਰ ਵਿਅਕਤੀਆਂ ਨੇ ਹਿੱਸਾ ਲਿਆ | ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਨਸ਼ਿਆਂ ਦੇ ਖਾਤਮੇ ਲਈ ਦਿ੍ੜ੍ਹ ਸੰਕਲਪ ਹੈ | ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਾ ਵੇਚਣ ਅਤੇ ਵਰਤਣ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ | ਪ੍ਰੋਗਰਾਮ ਦੌਰਾਨ ਹਲਕਾ ਕੁਆਰਡੀਨੇਟਰ ਜਸਕਰਨ ਸਿੰਘ ਲਾਡੀ ਨੇ ਪਿੰਡ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ | ਸਮਾਗਮ ਵਿਚ ਸਥਾਨਕ ਲੋਕਾਂ ਨੇ ਨਸ਼ਿਆਂ ਦੇ ਵਿਰੁੱਧ ਲੜਾਈ ਵਿਚ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਪਾਲ ਸਿੰਘ ਖਾਲਸਾ ਗਿੱਲ ਵੜੈਚ, ਅਮਰੀਕ ਸਿੰਘ ਰਸੂਲਪੁਰ, ਬਲਾਕ ਪ੍ਰਧਾਨ, ਬਲਜੀਤ ਸਿੰਘ ਜਰਮਸਤਪੁਰ ਬਲਾਕ ਪ੍ਰਧਾਨ, ਬਚਿੱਤਰ ਸਿੰਘ ਪੱਖੋਕੇ ਵਾਇਸ ਕੋਆਰਡੀਨੇਟਰ, ਅਤੇ ਹੋਰ ਪਿੰਡ ਦੇ ਮੋਹਤਬਰ ਆਗੂ ਹਾਜ਼ਰ ਸਨ |