ਤਰਨ ਤਾਰਨ, 19 ਜੁਲਾਈ (ਪਰਮਜੀਤ ਜੋਸ਼ੀ)- 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਚ ਭਾਰਤੀ ਕਮਿਊਨਿਸਟ ਪਾਰਟੀ ਦੇ 25 ਵੇਂ ਮਹਾਂ ਸੰਮੇਲਨ ਨੂੰ ਸਮਰਪਿਤ ਪੰਜਾਬ ਖੇਤ ਮਜ਼ਦੂਰ ਸਭਾ ਦੀ ਰਾਮਗੜੀਆ ਬੁੰਗਾ ਤਰਨ ਤਾਰਨ ਵਿਚ ਖੇਤੀ ਕਾਮਿਆਂ ਅਤੇ ਕਿਸਾਨਾਂ ਦੀ ਸਫਲ ਕਨਵੈਨਸ਼ਨ ਹੋਈ | ਕਨਵੈਨਸ਼ਨ ਵਿਚ ਜਿੱਥੇ ਗਰੀਬ ਅਤੇ ਦਲਿਤ ਵਰਗ ਉੱਤੇ ਹੋ ਰਹੇ ਸਮਾਜੀ ਅੱਤਿਆਚਾਰਾਂ ਦਾ ਗੰਭੀਰ ਨੋਟਿਸ ਲਿਆ ਗਿਆ, ਉੱਥੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਨਹੁੰ ਮਾਸ ਦੇ ਰਿਸ਼ਤੇ ਦੇ ਸੰਦਰਭ ਵਿਚ ਦੋਹਾਂ ਦੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦਾ ਹੋਕਾ ਵੀ ਦਿੱਤਾ ਗਿਆ | ਕਨਵੈਨਸ਼ਨ ਉਪਰੰਤ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਆਕਾਸ਼ ਗੁੰਜਾਉ ਨਾਹਰਿਆਂ ਦੌਰਾਨ ਕੀਤੇ ਗਏ ਰੋਸ ਪ੍ਰਦਰਸ਼ਨ ਮੌਕੇ ਤਰਨ ਤਾਰਨ ਦੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਦਿੱਤੇ ਹੰਗਾਰੇ ਤੇ ਆਪ ਮੁਹਾਰੇ ਤਣੇ ਮੁੱਕਿਆਂ ਨੇ ਇਨਕਲਾਬੀ ਮਾਹੌਲ ਸਿਰਜ ਦਿੱਤਾ | ਇਸ ਮੌਕੇ ਜੋਗਿੰਦਰ ਸਿੰਘ ਵਲਟੋਹਾ, ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਅਤੇ ਮੰਗਲ ਸਿੰਘ ਦੀ ਪ੍ਰਧਾਨਗੀ ਵਿਚ ਪੰਜਾਬ ਖੇਤ ਮਜ਼ਦੂਰ ਸਭਾ ਦੇ ਮਾਝਾ ਜੋਨ ਦੀ ਕਨਵੈਨਸ਼ਨ ਵਿਚ ਔਰਤਾਂ ਦੀ ਭਰਵੀਂ ਹਾਜ਼ਰੀ ਸਭਾ ਦੀ ਨਵੇਕਲੀ ਪ੍ਰਾਪਤੀ ਵਜੋਂ ਵੇਖੀ ਗਈ | ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਦੀ ਕੇਂਦਰੀ ਕਾਰਜਕਾਰਨੀ ਦੇ ਮੈਂਬਰ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਗੁਲਜਾਰ ਸਿੰਘ ਗੋਰੀਆ ਨੇ ਪਿੰਡਾਂ ਵਿਚ ਸ਼ਾਮਲਾਟ ਜ਼ਮੀਨ ਵਿਚ ਦਲਿਤ ਅਤੇ ਮਜ਼ਦੂਰ ਵਰਗ ਦੇ ਬਣਦੇ ਹਿੱਸੇ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰਾ ਇਨਕਲਾਬ ਲਿਆਉਣ ਲਈ ਖੇਤ ਮਜ਼ਦੂਰਾਂ ਨੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ | ਹਰਾ ਇਨਕਲਾਬ ਤਾਂ ਆ ਗਿਆ ਜੋ ਦੇਸ਼ ਦੀ ਅੰਨ ਆਤਮ ਨਿਰਭਰਤਾ ਲਈ ਵਰਦਾਨ ਸਾਬਿਤ ਹੋਇਆ, ਪਰ ਖੇਤ ਮਜ਼ਦੂਰ ਹਾਸ਼ੀਆ ਗ੍ਰਸਤ ਹੀ ਰਿਹਾ | ਕਾਮਰੇਡ ਗੋਰੀਆ ਨੇ ਮਰਹੂਮ ਮਜ਼ਦੂਰ ਆਗੂ ਨਾਗੋਕੇ ਨੂੰ ਯਾਦ ਕਰਦਿਆਂ ਪੰਜਾਬ ਦੀ ਮਾਣਮੱਤੀ ਮਜ਼ਦੂਰ ਲਹਿਰ ਦਾ ਵਿਸਥਾਰ ਨਾਲ ਵਰਣਨ ਕੀਤਾ | ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ 21 ਸਤੰਬਰ ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਚ ਹੋ ਰਹੀ ਪਾਰਟੀ ਕਾਂਗਰਸ ਦੇ ਮੱਦੇਨਜ਼ਰ ਭਾਰਤੀ ਕਮਿਊਨਿਸਟ ਪਾਰਟੀ ਅਤੇ ਇਸ ਨਾਲ ਸੰਬੰਧਿਤ ਅਵਾਮੀ ਜਥੇਬੰਦੀਆਂ ਪੂਰੀ ਤਰਾਂ ਸਰਗਰਮੀ ਦੇ ਰੌਂਅ ਵਿਚ ਨਜ਼ਰ ਆ ਰਹੀਆਂ ਹਨ | ਪੰਜਾਬ ਖੇਤ ਮਜ਼ਦੂਰ ਸਭਾ ਦੀ ਅੱਜ ਦੀ ਕਨਵੈਨਸ਼ਨ ਪਾਰਟੀ ਕਾਂਗਰਸ ਨੂੰ ਸਮਰਪਿਤ ਹੈ | ਪੰਜਾਬ ਅਤੇ ਕੇਂਦਰੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਸਭ ਤੋਂ ਵੱਧ ਮਾਰੂ ਅਸਰ ਖੇਤ ਮਜ਼ਦੂਰਾਂ 'ਤੇ ਪੈ ਰਿਹਾ ਹੈ | ਉਨ੍ਹਾਂ ਦੇਸ਼ ਭਰ ਵਿਚ ਸਮਾਜਿਕ ਤੇ ਆਰਥਿਕ ਅੱਤਿਆਚਾਰਾਂ ਦੀ ਗੱਲ ਕਰਦਿਆਂ ਪੰਜਾਬ ਦੇ ਦਾਨ ਸਿੰਘ ਵਾਲਾ ਅਤੇ ਚੰਦ ਭਾਨ ਪਿੰਡ ਵਿਚ ਮਜ਼ਦੂਰ ਵਰਗ ਦੇ ਘਰਾਂ ਨੂੰ ਬੰਬਾਂ ਨਾਲ ਢਾਉਣ ਅਤੇ ਉਨ੍ਹਾਂ ਦੇ ਮਾਰੂ ਹਥਿਆਰਾਂ ਨਾਲ ਕੀਤੇ ਹਮਲਿਆਂ ਦਾ ਉਚੇਚ ਨਾਲ ਜਿਕਰ ਕੀਤਾ | ਕੁੱਲ ਹਿੰਦ ਕਿਸਾਨ ਸਭਾ ਦੇ ਕਾਰਜਕਾਰੀ ਪ੍ਰਧਾਨ ਕਾਮਰੇਡ ਮਹਾਂਵੀਰ ਸਿੰਘ ਪੱਟੀ ਨੇ ਕਾਮਯਾਬ ਕਨਵੈਨਸ਼ਨ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਆਪਣੇ ਥਾਂ ਹਾਂ ਪੱਖੀ ਗੱਲ ਹੈ ਕਿ ਪੰਜਾਬ ਖੇਤ ਮਜ਼ਦੂਰ ਸਭਾ ਦੀ ਵਾਗਡੋਰ ਪੜੇ ਲਿਖੇ ਤੇ ਸਮਰਪਿਤ ਆਗੂਆਂ ਦੇ ਹੱਥ ਵਿਚ ਹੈ | ਕਿਸਾਨ ਸਭਾ ਦੇ ਸੂਬਾਈ ਆਗੂ ਲਖਬੀਰ ਸਿੰਘ ਨਿਜ਼ਾਮਪੁਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਹਾਕਮਾ ਦੇ ਪੰਜਾਬ ਦੇ ਖੇਤ ਖੋਹਣ ਦੇ ਮਨਸੂਬਿਆਂ ਵਿਚ ਕੋਈ ਢਿੱਲ ਨਹੀਂ ਆਈ | ਨਿਜ਼ਾਮਪੁਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਹੁੰ ਮਾਸ ਦੇ ਰਿਸ਼ਤੇ ਦੀ ਵੀ ਗੱਲ ਕੀਤੀ | ਇਸ ਮੌਕੇ ਕੁਲਬੀਰ ਸਿੰਘ ਕੇਸਲ, ਗਿਆਨ ਸਿੰਘ ਸੈਦਪੁਰੀ, ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਅਤੇ ਮੰਗਲ ਸਿੰਘ ਖਜਾਲਾ ਵੀ ਸੰਬੋਧਨ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਜਲੀ ਕਾਮਿਆਂ ਦੀ ਆਗੂ ਬਲਜਿੰਦਰ ਕੋਰ ਪੱਟੀ, ਮੇਜਰ ਸਿੰਘ ਦਾਰਾ ਪੁਰ, ਸੁਖਦੇਵ ਭਲਾਈਪੁਰ, ਚਰਨ ਜਲਾਲਾਬਾਦ, ਲਾਲ ਸਿੰਘ ਵਲਟੋਹਾ, ਗੁਰਵਿੰਦਰ ਸਿੰਘ ਬਾਕੀਪੁਰ, ਮਨਪ੍ਰੀਤ ਬਾਕੀਪੁਰ, ਸਰਵਨ ਸਿੰਘ ਕਿਰਤੋਵਾਲ, ਸਰਬਜੀਤ ਕੌਰ ਕਿਰਤੋਵਾਲ, ਬਲਜਿੰਦਰ ਸਿੰਘ ਸਰਹਾਲੀ ਕਲਾ, ਪਰਮਜੀਤ ਕੌਰ, ਸੀਮਾ ਸਰਹਾਲੀ ਕਲਾਂ, ਬਲਵਿੰਦਰ ਸਿੰਘ ਕੋਟ ਧਰਮ ਚੰਦ ਕਲਾਂ, ਸਾਜਨਦੀਪ ਤਰਨ ਤਾਰਨ, ਜਸਪਾਲ ਸਿੰਘ ਫਤਿਆਬਾਦ, ਅਮਨਦੀਪ ਸਿੰਘ ਭੱਠਲ, ਸਤਨਾਮ ਸਿੰਘ ਸੇਰੋ, ਰਾਜਵਿੰਦਰ ਕੌਰ ਕੰਬੋ ਢਾਏਵਾਲਾ, ਅੰਜੂ ਰਾਣੀ ਘੁਰਕਵਿੰਡ, ਹੀਰਾ ਸਿੰਘ ਖਡੂਰ ਸਾਹਿਬ, ਨਰਿੰਦਰਪਾਲ ਸਿੰਘ ਖਡੂਰ ਸਾਹਿਬ, ਮਨਜੀਤ ਕੌਰ ਕਡਿਆਲਾ, ਸਤਨਾਮ ਸਿੰਘ ਗਿੱਲ, ਨਿਰਮਲ ਸਿੰਘ ਵੜੈਚ, ਸਖਦੇਵ ਸਿੰਘ ਮੂਸੇ, ਗੁਰਦੀਪ ਸਿੰਘ ਸੁਰਸਿੰਘ, ਸਰਬਜੀਤ ਕੌਰ ਕਲੇਰ, ਰਤਨ ਸਿੰਘ ਫੇਲੋਕੇ, ਬਲਜਿੰਦਰ ਕੌਰ ਪੱਟੀ, ਬੂਟਾ ਸਿੰਘ ਦਾਰਾਪੁਰ, ਪੱਪਾ ਮਸੀਹ ਚੂਸਲੇਵੜ, ਰਾਜਵਿੰਦਰ ਕੌਰ ਨੌਸ਼ਹਿਰਾ ਪੰਨੂੰ ਜਸਬੀਰ ਸਿੰਘ ਵੈਰੋਵਾਲ ਬਾਵਿਆ, ਕੁਲਵੰਤ ਸਿੰਘ ਲਾਲ ਪੁਰ ਆਦਿ ਮੌਜੂਦ ਸਨ |