ਨੌਸ਼ਹਿਰਾ ਪੰਨੂੰਆਂ, 17 ਜੁਲਾਈ (ਦੀਪਕ ਮੈਣੀ)- ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਤਰਨ ਤਾਰਨ ਵਿਚ ਹੋਣ ਜਾ ਰਹੀ ਜ਼ਿਮਨੀ ਚੋਣ ਵਾਸਤੇ ਤਰਨ ਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਦਾ ਸੰਭਾਵੀ ਉਮੀਦਵਾਰ ਬਣਾਉਣ 'ਤੇ ਟਿੱਪਣੀ ਕਰਦਿਆਂ ਹੋਇਆਂ ਹਰਮਿੰਦਰ ਸਿੰਘ ਗਿੱਲ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਤਰਨਤ ਾਰਨ ਨੇ ਕਿਹਾ ਕਿ ਇਹ ਗੱਲ ਜੱਗ ਜ਼ਾਹਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਤਾਂ ਪੰਜਾਬ ਵਿਰੋਧੀ ਗਤੀਵਿਧੀਆਂ ਕਰਕੇ ਉਨ੍ਹਾਂ ਨਾਲ ਧ੍ਰੋਹ ਕਮਾਇਆ ਹੀ ਹੈ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਇਹ ਚੋਣ ਲੜਨ ਲਈ ਥਾਪੜਾ ਦੇ ਕੇ ਵਿਧਾਨ ਸਭਾ ਹਲਕਾ ਤਰਨ ਤਾਰਨ ਵਿਚ ਆਮ ਆਦਮੀ ਪਾਰਟੀ ਨੂੰ 2022 ਵਿਚ ਚੋਣ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣ ਵਾਲੇ ਤੇ ਪਾਰਟੀ ਪ੍ਰਤੀ ਵਫ਼ਾਦਾਰੀ ਨਿਭਾਉਣ ਵਾਲੇ ਸਾਰੇ ਪਾਰਟੀ ਵਰਕਰਾਂ ਅਤੇ ਆਗੂਆਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ, ਜਿਸ ਕਰਕੇ ਉਨ੍ਹਾਂ ਦਾ ਮਨੋਬਲ ਢਹਿ ਢੇਰੀ ਹੋ ਗਿਆ ਹੈ | ਗਿੱਲ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਵਰਕਰ ਅਤੇ ਆਗੂ ਜਿਹੜੇ 2022 ਵਿਚ ਹਰਮੀਤ ਸਿੰਘ ਸੰਧੂ ਨੂੰ ਨਸ਼ਿਆਂ ਦਾ ਵੱਡਾ ਵਪਾਰੀ ਕਹਿ ਕੇ ਉਸਦੇ ਵਿਰੁੱਧ ਪ੍ਰਚਾਰ ਕਰਦੇ ਹਨ ਉਹ ਹੁਣ ਉਸ ਦੇ ਵਾਸਤੇ ਲੋਕਾਂ ਕੋਲੋਂ ਕਿਸ ਮੂੰਹ ਨਾਲ ਵੋਟਾਂ ਮੰਗਣਗੇ | ਹੁਣ ਇਹਨਾਂ ਵਰਕਰਾਂ ਨੂੰ ਆਪਣੀ ਜ਼ਮੀਰ ਜਿਊਾਦੀ ਰੱਖਣ ਵਾਸਤੇ ਵੱਡੀ ਪੱਧਰ 'ਤੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਪਾਉਣੀ ਚਾਹੀਦੀ ਹੈ | ਪਿੰਡ ਨੌਸ਼ਹਿਰਾ ਪਨੂੰਆਂ ਵਿਖੇ ਕਾਂਗਰਸੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦੇ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਵਿਧਾਨ ਸਭਾ ਹਲਕਾ ਤਰਨ ਤਾਰਨ ਵਿਚ ਹੋਣ ਵਾਲੀ ਜ਼ਿਮਨੀ ਚੋਣ ਵਾਸਤੇ ਕਾਂਗਰਸ ਪਾਰਟੀ ਵਲੋਂ ਤਗੜਾ 'ਤੇ ਜੇਤੂ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ | ਉਨ੍ਹਾਂ ਨੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਆਖਿਆ ਹੈ ਕਿ ਉਹ ਇਸ ਚੋਣ ਵਾਸਤੇ ਕਮਰਕੱਸੇ ਕਰ ਲੈਣ ਅਤੇ ਇਸ ਦੀ ਜਿੱਤ ਵਾਸਤੇ ਆਪਣਾ ਸਰਗਰਮ ਰੋਲ ਅਦਾ ਕਰਨ ਲਈ ਤਤਪਰ ਰਹਿਣ |