ਤਰਨ ਤਾਰਨ, 17 ਜੁਲਾਈ (ਇਕਬਾਲ ਸਿੰਘ ਸੋਢੀ)-ਦੁਨੀਆਂ ਭਰ ਵਿਚ ਵੱਸਦੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਅਤੇ ਪੰਜਾਬ ਦੀ ਸ਼ਾਂਤੀ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਪੰਜਾਬ ਰੂਰਲ ਡਿਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲ ਰਹੀਆਂ ਲਗਾਤਾਰ ਧਮਕੀਆਂ ਦੇ ਮਾਮਲੇ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ | ਉਨ੍ਹਾਂ ਨੇ ਇਸ ਮੁੱਦੇ ਨੰੂ ਰਾਸ਼ਟਰੀ ਸੁਰੱਖਿਆ ਲਈ ਵੱਡਾ ਖਤਰਾ ਦੱਸਦਿਆਂ ਇਸ ਦੀ ਜਾਂਚ ਤੁਰੰਤ ਕੌਮੀ ਜਾਂਚ ਏਜੰਸੀ ਨੂੰ ਸੌਂਪਣ ਦੀ ਜ਼ੋਰਦਾਰ ਮੰਗ ਕੀਤੀ ਹੈ | ਪ੍ਰਧਾਨ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿਚ ਬ੍ਰਹਮਪੁਰਾ ਨੇ ਇਕ ਸ਼ਰਧਾਵਾਨ ਸਿੱਖ ਵਜੋਂ ਆਪਣੇ ਦਰਦ ਨੰੂ ਬਿਆਨ ਕਰਦਿਆਂ ਕਿਹਾ ਕਿ ਮੈਂ ਇਹ ਪੱਤਰ ਭਰੇ ਮਨ ਨਾਲ ਲਿਖ ਰਿਹਾ ਹਾਂ, ਕਿਉਂਕਿ ਇਹ ਧਮਕੀਆਂ ਸਿਰਫ਼ ਇਕ ਧਾਰਮਿਕ ਅਸਥਾਨ ਨੂੰ ਨਹੀਂ, ਸਗੋਂ ਮਨੁੱਖਤਾ ਦੇ ਅਧਿਆਤਮਕ ਕੇਂਦਰ ਅਤੇ ਦੇਸ਼ ਦੀ ਭਾਈਚਾਰਕ ਸਾਂਝ ਦੀ ਆਤਮਾ 'ਤੇ ਸਿੱਧਾ ਹਮਲਾ ਹਨ | ਉਨ੍ਹਾਂ ਲਿਖਿਆ ਕਿ ਜਿਸ ਤਰੀਕੇ ਨਾਲ ਫਰਜ਼ੀ ਈ-ਮੇਲਾਂ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਸ ਤੋਂ ਸਪੱਸ਼ਟ ਹੈ ਕਿ ਇਸ ਪਿੱਛੇ ਇਕ ਬਹੁਤ ਹੀ ਸੰਗਠਿਤ ਅਤੇ ਡੂੰਘੀ ਸਾਜਿਸ਼ ਹੈ, ਜਿਸ ਦੇ ਤਾਰ ਅੰਤਰਰਾਜੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਜੁੜੇ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਇਹ ਮਾਮਲਾ ਸਪੱਸ਼ਟ ਤੌਰ 'ਤੇ ਕਿਸੇ ਇਕੱਲੇ ਸੂਬੇ ਦੇ ਅਧਿਕਾਰ ਖੇਤਰ ਤੋਂ ਕਿਤੇ ਵੱਡਾ ਹੈ ਅਤੇ ਇਸ ਲਈ ਭਾਰਤ ਸਰਕਾਰ ਦੇ ਤੁਰੰਤ ਅਤੇ ਫੈਸਲਾਕੁੰਨ ਦਖਲ ਦੀ ਲੋੜ ਹੈ | ਆਪਣੇ ਪੱਤਰ ਵਿਚ ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਇਸ ਗੰਭੀਰ ਮਸਲੇ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੂੰ ਇੱਕੋ ਸਮੇਂ ਕਈ ਮੋਰਚਿਆਂ 'ਤੇ ਕੰਮ ਕਰਨਾ ਪਵੇਗਾ | ਬ੍ਰਹਮਪੁਰਾ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਲਈ ਇਕ ਸਥਾਈ ਅਤੇ ਅਭੇਦ ਸੁਰੱਖਿਆ ਕਵਚ ਬਣਾਉਣ ਲਈ ਕੇਂਦਰੀ ਮਾਹਿਰਾਂ ਵਲੋਂ ਇਕ ਵਿਆਪਕ ਸੁਰੱਖਿਆ ਆਡਿਟ ਕਰਵਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ | ਉਨ੍ਹਾਂ ਸਪੱਸ਼ਟ ਕੀਤਾ ਕਿ ਜਾਂਚ ਦਾ ਮਕਸਦ ਸਿਰਫ਼ ਮੋਹਰਿਆਂ ਨੂੰ ਫੜਨਾ ਨਹੀਂ, ਸਗੋਂ ਪੰਜਾਬ ਅਤੇ ਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਸਲ ਸਾਜਿਸ਼ਕਾਰਾਂ ਦੇ ਚਿਹਰਿਆਂ ਤੋਂ ਨਕਾਬ ਲਾਹੁਣਾ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਦੇਸ਼ ਭਗਤੀ ਲਈ ਜਾਣੀ ਜਾਂਦੀ ਸਿੱਖ ਕੌਮ ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਵਲੋਂ ਨਿੱਜੀ ਦਖ਼ਲ ਅਤੇ ਠੋਸ ਕਾਰਵਾਈ ਦੀ ਉਮੀਦ ਕਰਦੀ ਹੈ |