ਅੰਮਿ੍ਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)-ਕਾਰ ਸੇਵਾ ਸੰਪ੍ਰਾਦਾਇ ਸਰਹਾਲੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਤੋਂ ਬੰਗਲਾ ਦੇਸ਼ ਭੇਜਿਆ ਗਿਆ 70 ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿਖੇ ਪ੍ਰਕਾਸ਼ ਪੁਰਬ ਮਨਾਉਣ ਅਤੇ ਹੋਰ ਗੁਰਧਾਮਾ ਦੇ ਦਰਸ਼ਨ ਕਰਨ ਉਪਰੰਤ ਬੀਤੇ ਦਿਨ ਪੰਜਾਬ ਪਰਤ ਆਇਆ | ਜਥੇ ਦੇ ਆਗੂ ਹਰਭਜਨ ਸਿੰਘ ਸੰਧੂ ਨੇ ਦੱਸਿਆ ਕਿ ਇਸ ਦੌਰਾਨ ਜਥੇ ਵਲੋਂ ਗੁਰਦੁਆਰਾ ਨਾਨਕਸ਼ਾਹੀ ਢਾਕਾ ਤੋਂ ਇਲਾਵਾ ਗੁ: ਸਿੱਖ ਟੈਂਪਲ ਸਟੇਟ ਚਿੱਟਾਗੌਂਗ ਵਿਖੇ ਵੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਸਜਾਏ ਗਏ | ਇਸ ਤੋਂ ਇਲਾਵਾ ਗੁਰਦੁਆਰਾ ਸੰਗਤ ਟੋਲਾ ਢਾਕਾ ਅਤੇ ਗੁਰਦੁਆਰਾ ਗੁਰੂ ਨਾਨਕ ਮੰਦਰ ਮੈਮਨ ਸਿੰਘ ਦੇ ਦਰਸ਼ਨ ਕੀਤੇ ਅਤੇ ਧਾਰਮਿਕ ਸਮਾਗਮਾ ਵਿਚ ਹਿੱਸਾ ਲਿਆ | ਇਸ ਦੌਰਾਨ ਵੱਖ-ਵੱਖ ਗ੍ਰੰਥੀ ਸਿੰਘਾਂ ਅਤੇ ਪ੍ਰਚਾਰਕਾਂ ਵਲੋਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਉਪਦੇਸ਼ਾਂ ਬਾਰੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ | ਇਹ ਜਥਾ ਢਾਕਾ ਤੋਂ ਕੌਮਾਂਤਰੀ ਬੱਸਾਂ ਰਾਹੀਂ ਹਾਵੜਾ ਪਹੁੰਚਿਆ ਅਤੇ ਫਿਰ ਹਾਵੜਾ ਤੋਂ ਰੇਲ ਗੱਡੀ ਰਾਹੀਂ ਅੰਮਿ੍ਤਸਰ ਪਹੁੰਚਣ 'ਤੇ ਜਥੇ ਦੀ ਯਾਤਰਾ ਸੰਪੂਰਨ ਹੋਈ |