300 ਸਾਲਾ ਸ਼ਹੀਦੀ ਦਿਹਾੜੇ ਮੌਕੇ ਬਦਲ ਕੇ 'ਗੁਰੂ ਤੇਗ਼ ਬਹਾਦਰ ਹਸਪਤਾਲ' ਰੱਖਿਆ ਗਿਆ ਸੀ ਨਾਂਅ
ਅੰਮਿ੍ਤਸਰ, 20 ਨਵੰਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਗੁਰੂ ਰਾਮਦਾਸ ਜੀ ਦੇ ਨਾਂਅ 'ਤੇ ਲਗਾਏ ਰਾਮ ਬਾਗ ਦੇ ਬਿਲਕੁਲ ਨਜ਼ਦੀਕ ਨਵੰਬਰ 1891 'ਚ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਜੈਮਸ ਬੀ. ਲਾਇਲ ਕੇ. ਸੀ. ਐੱਸ. ਦੀ ਪਤਨੀ ਲੇਡੀ ਲਾਇਲ ਨੇ ਜਿਸ ਵਿਕਟੋਰੀਆ ਹਸਪਤਾਲ ਦੀ ਵਿਸ਼ਾਲ ਇਮਾਰਤ ਦਾ ਉਦਘਾਟਨ ਕੀਤਾ, ਉਹ ਹੁਣ ਪੂਰੀ ਤਰ੍ਹਾਂ ਨਾਲ ਖੰਡਰ ਦਾ ਰੂਪ ਲੈ ਚੁੱਕੀ ਹੈ | ਹਸਪਤਾਲ ਦੀ ਡਿਉੜੀ ਦੀ ਕੰਧ 'ਤੇ ਲੱਗੀ ਪੱਥਰ ਦੀ ਸਿਲ 'ਤੇ ਦਰਜ ਹੈ ਕਿ ਮਹਾਰਾਣੀ ਵਿਕਟੋਰੀਆ ਦੇ ਸ਼ਾਸਨ ਦੇ 55 ਸਾਲ ਪੂਰੇ ਹੋਣ 'ਤੇ ਇਸ ਹਸਪਤਾਲ ਦਾ ਉਦਘਾਟਨ ਕੀਤਾ ਗਿਆ | ਇਹ ਹਸਪਤਾਲ ਬਾਅਦ 'ਚ ਵੀ. ਜੇ. (ਵਿਕਟੋਰੀਆ ਜੁਬਲੀ) ਹਸਪਤਾਲ ਨਾਂਅ ਨਾਲ ਪ੍ਰਸਿੱਧ ਹੋ ਗਿਆ | ਇਸ ਹਸਪਤਾਲ ਦੇ ਨਿਰਮਾਣ 'ਤੇ 1 ਲੱਖ 40 ਹਜ਼ਾਰ ਰੁਪਏ ਦੀ ਲਾਗਤ ਆਈ | ਹਸਪਤਾਲ ਬਣਨ ਤੋਂ ਪਹਿਲਾਂ ਇੱਥੇ ਅੰਗਰੇਜ਼ ਪੁਲਿਸ ਦੀ ਪਰੇਡ ਗਰਾਊਾਡ ਹੋਇਆ ਕਰਦੀ ਸੀ | ਗੁਰੂ ਤੇਗ਼ ਬਹਾਦਰ ਜੀ ਦੀ ਤੀਸਰੀ ਸ਼ਹੀਦੀ ਸ਼ਤਾਬਦੀ ਮੌਕੇ 7 ਦਸੰਬਰ 1975 ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਇਸ ਵੀ. ਜੇ. ਹਸਪਤਾਲ ਦਾ ਨਾਂਅ ਬਦਲ ਕੇ ਗੁਰੂ ਤੇਗ਼ ਬਹਾਦਰ ਹਸਪਤਾਲ ਰੱਖਿਆ | ਉਸੇ ਦਿਨ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਦੇ ਬਿਲਕੁਲ ਨਾਲ ਨਿਸ਼ਾਨ ਸਾਹਿਬ ਵੀ ਸਥਾਪਿਤ ਕੀਤਾ ਗਿਆ | ਰਾਮ ਬਾਗ 'ਚ ਉੱਚੇ ਥੜ੍ਹੇ 'ਤੇ ਸਥਾਪਿਤ ਨਿਸ਼ਾਨ ਸਾਹਿਬ ਤਾਂ ਅੱਜ ਵੀ ਝੂਲ ਰਿਹਾ ਹੈ, ਜਦਕਿ ਗੁਰੂ ਸਾਹਿਬ ਦੇ ਨਾਂ 'ਤੇ ਸ਼ੁਰੂ ਕੀਤਾ ਹਸਪਤਾਲ ਬੰਦ ਕਰ ਦਿੱਤਾ ਗਿਆ | ਇਸ ਹਸਪਤਾਲ ਦੇ ਅਹਾਤੇ ਦੇ ਅੰਦਰ ਹੀ ਸੰਨ 1923-24 'ਚ ਇਤਿਹਾਸਕ ਰਾਮ ਬਾਗ ਦੀ ਬਾਹਰੀ ਡਿਉੜੀ (ਜਿੱਥੇ ਮੌਜੂਦਾ ਸਮੇਂ ਨਾਮਧਾਰੀ ਸਮਾਰਕ ਹੈ) 'ਚ ਚਮੜੀ (ਸਕਿਨ) ਵਿਭਾਗ ਸ਼ੁਰੂ ਕੀਤਾ ਗਿਆ | ਉਸੇ ਦੌਰਾਨ ਵੀ. ਜੇ. ਹਸਪਤਾਲ ਵਿਚ ਡਲਿਵਰੀ ਵਾਰਡ ਵੀ ਸ਼ੁਰੂ ਕੀਤੀ ਗਈ | ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸਮੇਂ 11 ਕਰੋੜ ਰੁਪਏ ਦੀ ਲਾਗਤ ਨਾਲ ਮਈ 2016 'ਚ ਸਥਾਨਕ ਕਵਿੰਜ਼-ਕੂਪਰ ਰੋਡ ਚੌਕ ਵਾਲੇ ਪਾਸੇ ਉਕਤ ਹਸਪਤਾਲ ਦੀ ਇਮਾਰਤ ਦੇ ਵੱਡੇ ਹਿੱਸੇ 'ਚ ਅਰਬਨ ਹਾਟ ਸ਼ੁਰੂ ਕੀਤੇ ਜਾਣ ਤੋਂ ਬਾਅਦ ਹਸਪਤਾਲ ਦੇ ਵਧੇਰੇਤਰ ਵਿਭਾਗ ਰੈਸਟੋਰੈਂਟ, ਹੋਟਲ ਅਤੇ ਵੱਖ-ਵੱਖ ਕੌਮੀ ਤੇ ਕੌਮਾਂਤਰੀ ਬਰਾਂਡ ਦੇ ਫੂਡ ਆਊਟਲੈੱਟਸ 'ਚ ਤਬਦੀਲ ਹੋ ਗਏ | ਸਮਾਜਿਕ ਚਿੰਤਕਾਂ ਅਤੇ ਵਿਰਾਸਤ ਪ੍ਰੇਮੀਆਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਤੀਸਰੀ ਸ਼ਹੀਦੀ ਸ਼ਤਾਬਦੀ ਮੌਕੇ ਰੱਖੇ ਹਸਪਤਾਲ ਦੀ ਬਚੀ ਰਹਿ ਗਈ ਖੰਡਰਨੁਮਾ ਇਮਾਰਤ ਦੀ ਮੁਰੰਮਤ ਕਰਵਾ ਕੇ ਇਸ 'ਚ ਕੋਈ ਯੂਨੀਵਰਸਿਟੀ ਜਾਂ ਤਕਨੀਕੀ ਕਾਲਜ ਸ਼ੁਰੂ ਕਰਕੇ ਇਸ ਦੇ ਪ੍ਰਬੰਧਕੀ ਬਲਾਕ, ਵਾਰਡਾਂ, ਮੁਲਾਜ਼ਮਾਂ ਅਤੇ ਸਟਾਫ਼ ਦੇ ਰਿਹਾਇਸ਼ੀ ਕੁਆਟਰਾਂ ਅਤੇ ਆਪ੍ਰੇਸ਼ਨ ਥੀਏਟਰਾਂ ਅਤੇ ਪਾਰਕਾਂ ਆਦਿ ਨੂੰ ਵਰਤੋਂ 'ਚ ਲਿਆਉਣਾ ਚਾਹੀਦਾ ਹੈ |
ਖੰਡਰ 'ਚ ਤਬਦੀਲ ਹੋ ਰਹੀ ਪੁਰਾਣੇ ਵਿਕਟੋਰੀਆ ਜੁਬਲੀ ਹਸਪਤਾਲ ਦੀ ਇਮਾਰਤ
ਅਜੀਤ ਡੈਸਕ
21-11-2025