ਅੰਮਿ੍ਤਸਰ, 7 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਡਾ. ਕੇ. ਐੱਸ. ਚਾਹਲ ਨੇ ਯੂਨੀਵਰਸਿਟੀ ਦੇ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ ਵਿਸ਼ੇਸ਼ ਸਨਮਾਨ ਸਮਾਗਮ 'ਚ ਸਨਮਾਨਿਤ ਕੀਤਾ |ਇਹ ਸਮਾਗਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਫਸਰ ਐਸੋਸੀਏਸ਼ਨ ਵਲੋਂ ਯੂਨੀਵਰਸਿਟੀ ਦੇ ਕਾਨਫਰੰਸ ਹਾਲ 'ਚ ਕਰਵਾਇਆ ਗਿਆ | ਇਸ ਮੌਕੇ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਨਿਵਾਜਦੇ ਹੋਏ ਡਾ. ਚਾਹਲ ਨੇ ਕਿਹਾ ਕਿ ਇਹ ਮੁਲਾਜ਼ਮ ਯੂਨੀਵਰਸਿਟੀ ਦੀ ਅਸਲ ਨੀਂਹ ਹਨ | ਉਨ੍ਹਾਂ ਨੇ ਲੰਬੇ ਸਮੇਂ ਤੱਕ ਨਿਸ਼ਠਾ ਤੇ ਸਮਰਪਣ ਨਾਲ ਸੇਵਾ ਨਿਭਾਈ, ਜਿਸ ਨਾਲ ਯੂਨੀਵਰਸਿਟੀ ਨੇ ਵਿਦਿਅਕ ਤੇ ਪ੍ਰਸ਼ਾਸਕੀ ਖੇਤਰ 'ਚ ਨਵੀਆਂ ਉਚਾਈਆਂ ਛੂਹੀਆਂ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਭਵਿੱਖ 'ਚ ਵੀ ਇਹ ਕਰਮਚਾਰੀ ਯੂਨੀਵਰਸਿਟੀ ਦੇ ਵਿਕਾਸ ਲਈ ਅਹਿਮ ਯੋਗਦਾਨ ਅਤੇ ਆਪਣੀ ਭੂਮਿਕਾ ਨਿਭਾਉਣਗੇ | ਇਸ ਮੌਕੇ ਸਨਮਾਨਿਤ ਹੋਏ ਸੇਵਾ ਮੁਕਤ ਮੁਲਾਜ਼ਮ 'ਚ ਬਖ਼ਸ਼ੀਸ਼ ਸਿੰਘ ਸਾਬਕਾ ਰਜਿਸਟਰਾਰ, ਜਗਦੀਪ ਸਿੰਘ, ਸਾਬਕਾ ਰਜਿਸਟਰਾਰ, ਸਤੀਸ਼ ਕੁਮਾਰ, ਸਾਬਕਾ ਰਜਿਸਟਰਾਰ, ਧਨਪਾਲ ਸਿੰਘ, ਨਿਗਰਾਨ, ਹਰਦੀਪ ਸਿੰਘ, ਨਿਗਰਾਨ, ਸੁਭਾਸ਼ ਚੰਦਰ, ਨਿਗਰਾਨ ਸ਼ਾਮਲ ਸਨ | ਇਸ ਮੌਕੇ ਜੀ. ਐੱਨ. ਡੀ. ਯੂ. ਓ.ਏ. ਦੇ ਪ੍ਰਧਾਨ ਅਮਨ ਕੁਮਾਰ, ਵਾਈਸ ਪ੍ਰਧਾਨ ਅਤੇ ਸਕੱਤਰ ਮਨਪ੍ਰੀਤ ਸਿੰਘ ਤੋਂ ਇਲਾਵਾ ਯੂਨੀਵਰਸਿਟੀ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ | ਐਸੋਸੀਏਸ਼ਨ ਨੇ ਧੰਨਵਾਦ ਪ੍ਰਸਤਾਵ ਪੇਸ਼ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸੰਸਥਾ ਦੀ ਏਕਤਾ ਤੇ ਸਤਿਕਾਰ ਨੂੰ ਮਜ਼ਬੂਤ ਕਰਦੇ ਹਨ |