02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਰਾਮ ਤੀਰਥ ਮੇਲੇ ਦੌਰਾਨ ਸ਼ਰਧਾਲੂਆਂ ਦੀ ਆਮਦ ਘਟੀ ਦੋ ਧੜਿਆਂ ਦੀ ਲੜਾਈ ਬਣੀ ਕਾਰਨ <br/>

ਅਜੀਤ ਡੈਸਕ 06-11-2025
ਰਾਮ ਤੀਰਥ, 5 ਨਵੰਬਰ (ਧਰਵਿੰਦਰ ਸਿੰਘ ਔਲਖ)-ਪ੍ਰਸਿੱਧ ਰਾਮ ਤੀਰਥ ਦੇ ਮੇਲੇ ਦੌਰਾਨ ਇਸ ਵਾਰ ਸ਼ਰਧਾਲੂਆਂ ਦੀ ਆਮਦ 'ਚ ਕਾਫੀ ਕਮੀ ਵੇਖਣ ਨੂੰ ਮਿਲੀ ਹੈ, ਜਿਸ ਦਾ ਕਾਰਨ ਦੋ ਵਾਲਮੀਕੀ ਧੜਿਆਂ ਦੀ ਲੜਾਈ ਦੱਸਿਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਵਾਲਮੀਕਿ ਤੀਰਥ ਵਿਖੇ ਲਾਲ ਅਤੇ ਨੀਲਾ ਝੰਡਾ ਲਾਉਣ ਦੇ ਮੁੱਦੇ ਨੂੰ ਲੈ ਕੇ ਦੋ ਵਾਲਮੀਕੀ ਧੜ੍ਹੇ ਆਹਮੋ-ਸਾਹਮਣੇ ਹੋਏ ਪਏ ਹਨ | ਸਥਾਨਕ ਮਹੰਤਾਂ ਅਤੇ ਸੰਤ ਸਮਾਜ ਨੇ ਕੁਝ ਦਿਨ ਪਹਿਲਾਂ ਵਾਲਮੀਕਿ ਤੀਰਥ ਵਿਖੇ ਇੱਕ ਭਾਰੀ ਇਕੱਠ ਕਰਕੇ ਲਾਲ ਰੰਗ ਦਾ ਤੀਰ ਕਮਾਨ ਵਾਲਾ ਝੰਡਾ ਮੰਦਰ ਉੱਪਰ ਲਹਿਰਾ ਦਿੱਤਾ ਸੀ, ਜਦੋਂ ਕਿ ਦੂਸਰਾ ਧੜਾ ਉਸ ਦਿਨ ਗ਼ੈਰ ਹਾਜ਼ਰ ਰਿਹਾ ਸੀ | ਦੂਸਰਾ ਧੜਾ ਅਜੇ ਵੀ ਨੀਲਾ ਝੰਡਾ ਲਗਾਉਣ ਲਈ ਬਜਿੱਦ ਹੈ | ਸ਼ਰਧਾਲੂਆਂ ਦੀ ਘਟੀ ਗਿਣਤੀ ਕਾਰਨ ਦੁਕਾਨਦਾਰਾਂ ਨੂੰ ਵੀ ਮੇਲਾ ਫਿੱਕਾ-ਫਿੱਕਾ ਮਹਿਸੂਸ ਹੋ ਰਿਹਾ ਹੈ |
ਸਫ਼ਾਈ ਦਾ ਮੰਦਾ ਹਾਲ : ਪਰਕਰਮਾ ਵਿਚ ਸਫ਼ਾਈ ਪੱਖੋਂ ਕਾਫੀ ਮੰਦਾ ਹਾਲ ਵੇਖਿਆ ਗਿਆ ਹੈ | ਲੋਕ ਖਾਣ ਪੀਣ ਵਾਲੀਆਂ ਵਸਤੂਆਂ ਖਾ ਪੀ ਕੇ ਕਚਰਾ ਪਰਕਰਮਾ ਵਿਚ ਹੀ ਸੁੱਟ ਰਹੇ ਸਨ | ਦੱਸਿਆ ਜਾਂਦਾ ਹੈ ਕਿ ਇੱਥੇ ਰੱਖੇ ਗਏ ਸਫ਼ਾਈ ਕਰਮਚਾਰੀਆਂ ਨੂੰ 5 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜੋ ਕਿ ਸਰਕਾਰ ਦੀ ਨਲਾਇਕੀ ਦਾ ਸਬੂਤ ਹੈ, ਕਿਉਂਕਿ ਇਸ ਅਸਥਾਨ ਦਾ ਸਮੁੱਚਾ ਪ੍ਰਬੰਧ ਪੰਜਾਬ ਸਰਕਾਰ ਦੇ ਕੋਲ ਹੈ | ਇਸ ਦੇ ਨਾਲ ਨਾਲ ਪਰਕਰਮਾ ਵਿਚ ਦੁਕਾਨਾਂ ਵੀ ਲੱਗੀਆਂ ਹੋਈਆਂ ਹਨ, ਜੋ ਧਾਰਮਿਕ ਮਰਿਆਦਾ ਦੇ ਉਲਟ ਹੈ |
ਸ਼ਰਧਾਲੂਆਂ ਨੂੰ ਕਮਰੇ ਲੈਣ ਵਿਚ ਦਿੱਕਤ : ਦੂਰ ਦੁਰਾਡੇ ਤੋਂ ਮੇਲਾ ਵੇਖਣ ਆਉਣ ਵਾਲੇ ਸ਼ਰਧਾਲੂਆਂ ਨੂੰ ਇੱਥੇ ਠਹਿਰਣ ਵਾਸਤੇ ਸਰਾਂ ਵਿਚ ਕਮਰੇ ਲੈਣ ਲਈ ਭਾਰੀ ਦਿੱਕਤ ਆ ਰਹੀ ਹੈ | ਦੱਸਿਆ ਜਾਂਦਾ ਹੈ ਸਰਾਂ ਦੇ 80 ਕਮਰਿਆਂ ਵਿੱਚੋਂ 57 ਕਮਰੇ ਪੁਲਿਸ ਮੁਲਾਜ਼ਮਾਂ ਦੇ ਕਬਜ਼ੇ ਵਿਚ ਹਨ, ਜਦੋਂਕਿ 13 ਕਮਰੇ ਬੀ.ਐਸ.ਐਫ. ਦੇ ਕੋਲ ਹੋਣ ਕਰਕੇ ਬਾਕੀ 10 ਕਮਰੇ ਹੀ ਸ਼ਰਧਾਲੂਆਂ ਵਾਸਤੇ ਬਚੇ ਹਨ |
ਸੁਰੱਖਿਆ ਪ੍ਰਬੰਧ ਮਜ਼ਬੂਤ : ਸ਼ਰਧਾਲੂਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ | ਪੰਜਾਬ ਸਰਕਾਰ ਦੇ ਸਾਰੇ ਮਹਿਕਮੇ ਇੱਥੇ ਮੌਜੂਦ ਹਨ ਜੋ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ | ਕਿਸੇ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਕੋਈ ਸੂਚਨਾ ਨਹੀਂ ਹੈ |
ਲੰਗਰਾਂ ਦਾ ਪ੍ਰਬੰਧ : ਤੀਰਥ 'ਤੇ ਆਉਣ ਵਾਲੇ ਸ਼ਰਧਾਲੂਆਂ ਲਈ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਵਲੋਂ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ ਦੀ ਸਰਪ੍ਰਸਤੀ ਹੇਠ ਲੰਗਰ 24 ਘੰਟੇ ਚੱਲਦਾ ਹੈ | ਮੇਲੇ ਦੇ ਸੰਦਰਭ ਵਿਚ ਮੰਦਰ ਬਾਬਾ ਭੌੜੇ ਵਾਲੇ ਵਿਖੇ ਅਜਨਾਲੇ ਵਾਲਿਆਂ ਦਾ ਵਿਸ਼ਾਲ ਭੰਡਾਰਾ ਚੱਲ ਰਿਹਾ ਹੈ ਅਤੇ ਕੁਝ ਹੋਰ ਮੰਦਰਾਂ ਵਿਚ ਵੀ ਲੰਗਰ ਚੱਲ ਰਹੇ ਹਨ |
ਇੱਟਾਂ ਦੇ ਘਰ : ਇੱਥੇ ਆਉਣ ਵਾਲੇ ਸ਼ਰਧਾਲੂਆਂ ਵਲੋਂ ਧੂਣਾ ਸਾਹਿਬ ਦੇ ਕੋਲ ਇੱਟਾਂ ਦੇ ਘਰ ਬਣਾਏ ਜਾਂਦੇ ਹਨ, ਉਨ੍ਹਾਂ ਦੀ ਆਸਥਾ ਹੈ ਕਿ ਇੱਥੇ ਘਰ ਬਣਾਉਣ ਨਾਲ ਉਨ੍ਹਾਂ ਦੀ ਆਪਣਾ ਘਰ ਬਣਾਉਣ ਦੀ ਇੱਛਾ ਜਲਦੀ ਪੂਰੀ ਹੁੰਦੀ ਹੈ |

ਪਿਛਲੀ ਖ਼ਬਰ ਪ੍ਰਧਾਨ ਧਾਮੀ ਨੇ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰਨ ਦੀ ਘਟਨਾ ਦਾ ਲਿਆ ਨੋਟਿਸ <br/> ਅਗਲੀ ਖ਼ਬਰ ਰਈਆ ਵਿਖੇ ਬੀ. ਸੀ. ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਹੋਰ ਮੁਹਤਬਰਾਂ ਵਲੋਂ ਸੜਕ ਬਣਾਉਣ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।