15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪਦਉੱਨਤ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਦੌਰਾਨ ਧਾਂਦਲੀ ਹੋਣ ਦਾ ਖਦਸ਼ਾ <br/>

ਅਜੀਤ ਡੈਸਕ 23-09-2025
ਅੰਮਿ੍ਤਸਰ, 22 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਵਲੋਂ ਦੋ ਮਹੀਨੇ ਪਹਿਲਾਂ ਵੱਖ-ਵੱਖ ਵਿਸ਼ਿਆਂ 'ਚ 1200 ਤੋਂ ਵਧੇਰੇ ਪਦਉੱਨਤ ਹੋਏ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਦੌਰਾਨ ਧਾਂਦਲੀਆਂ ਹੋਣ ਦਾ ਡਰ ਸਤਾਉਣ ਲੱਗਾ ਹੈ | 2 ਮਹੀਨੇ ਪਹਿਲਾਂ ਤਰੱਕੀ ਹਾਸਲ ਕਰਨ ਵਾਲੇ ਇਨ੍ਹਾਂ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਦਫਤਰ ਵਿਖੇ ਹਾਜ਼ਰ ਕਰਵਾ ਦਿੱਤਾ ਸੀ ਪਰ ਸਟੇਸ਼ਨ ਅਲਾਟ ਨਹੀਂ ਕੀਤੇ ਸਨ, ਅਜਿਹੇ 'ਚ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਸਿੱਖਿਆ ਵਿਭਾਗ ਨੇ ਗੂੜੀ ਨੀਂਦ 'ਚੋਂ ਉੱਠਦਿਆਂ ਇਨ੍ਹਾਂ ਪਦਉਨਤ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਕਰਾਉਣ ਲਈ ਪੱਤਰ ਤਾਂ ਜਾਰੀ ਕਰ ਦਿੱਤਾ ਹੈ, ਪਰ ਉਨ੍ਹਾਂ ਨੂੰ ਵਿਭਾਗ ਦੇ ਮੁੱਖ ਦਫਤਰ ਵਿਖੇ ਬੁਲਾਉਣ ਦੀ ਬਜਾਏ ਆਪਣੇ-ਆਪਣੇ ਜ਼ਿਲ੍ਹੇ ਨਾਲ ਸੰਬੰਧਿਤ ਜ਼ਿਲ਼੍ਹਾ ਸਿੱਖਿਆ ਦਫਤਰਾਂ 'ਚ ਸਟੇਸ਼ਨ ਚੁਣਨ ਦਾ ਸੱਦਾ ਦਿੱਤਾ ਗਿਆ ਹੈ, ਅਜਿਹੇ 'ਚ ਲੈਕਚਰਾਰਾਂ ਦੇ ਮਨਾਂ 'ਚ ਡਰ ਹੈ ਉਨ੍ਹਾਂ ਨੂੰ ਮੈਰਿਟ ਦੇ ਅਧਾਰ 'ਤੇ ਸਟੇਸ਼ਨ ਚੁਣਨ ਦਾ ਮੌਕਾ ਨਹੀਂ ਮਿਲੇਗਾ ਕਿਉਂਕਿ ਇਸ ਤੋਂ ਪਹਿਲਾਂ ਵਿਭਾਗ ਹਮੇਸ਼ਾਂ ਹੀ ਅਧਿਆਪਕਾਂ ਦੀ ਸਟੇਸ਼ਨ ਚੋਣ ਮੁੱਖ ਦਫਤਰ ਵਿਖੇ ਬੁਲਾ ਕੇ ਮੈਰਿਟ ਅਨੁਸਾਰ ਕਰਵਾਉਂਦਾ ਰਿਹਾ ਹੈ | ਇਹ ਪਹਿਲੀ ਵਾਰ ਮੌਕਾ ਹੈ ਜਦੋਂ ਅਧਿਆਪਕਾਂ ਨੂੰ ਆਪਣੇ-ਆਪਣੇ ਜ਼ਿਲ੍ਹਾ ਸਿੱਖਿਆ ਦਫਤਰਾਂ ਤੋਂ ਸਟੇਸ਼ਨ ਅਲਾਟ ਕਰਵਾਏ ਜਾ ਰਹੇ ਹਨ | ਇਨ੍ਹਾਂ ਪਦਉੱਨਤ ਅਧਿਆਪਕਾਂ ਦਾ ਮੰਨਣਾ ਹੈ ਕਿ ਜਾਰੀ ਹਦਾਇਤਾਂ ਅਨੁਸਾਰ ਉਹ ਮੈਰਿਟ ਅਨੁਸਾਰ ਆਪਣੇ ਸਟੇਸ਼ਨ ਦੀ ਚੋਣ ਕਿਵੇਂ ਕਰ ਸਕਦੇ ਹਨ, ਇਸ ਬਾਬਤ ਉਨ੍ਹਾਂ ਦੇ ਮਨਾਂ 'ਚ ਸੁਆਲ ਹਨ ਕਿਉਂਕਿ ਇਸ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਇਸ ਸਾਲ ਹੋਈਆਂ ਬਦਲੀਆਂ 'ਚ ਅਧਿਆਪਕਾਂ ਵਲੋਂ ਦਿੱਤੇ ਸਟੇਸ਼ਨ ਚੋਇਸ ਦੇਣ ਤੋਂ ਬਾਅਦ ਕਈ ਉਮੀਦਵਾਰਾਂ ਨੂੰ ਉਨ੍ਹਾਂ ਦੇ ਬਣਦੇ ਮੈਰਿਟ ਅਨੁਸਾਰ ਸਟੇਸ਼ਨ ਨਹੀਂ ਮਿਲੇ ਤਾਂ ਕੀ ਲੈਕਚਰਾਰਾਂ ਵਲੋਂ ਭਰ ਕੇ ਦਿੱਤੇ ਗਏ ਇਨ੍ਹਾਂ ਆਪਸ਼ਨਾਂ 'ਚੋਂ ਉਨ੍ਹਾਂ ਦੀ ਬਣਦੀ ਮੈਰਿਟ ਅਨੁਸਾਰ ਲੜੀਵਾਰ ਭਰ ਕੇ ਦਿੱਤੀਆਂ ਗਈਆਂ ਆਪਸ਼ਨਾਂ ਅਨੁਸਾਰ ਸਟੇਸ਼ਨ ਦਿੱਤੇ ਜਾਣਗੇ | ਇਸ ਸੰਬੰਧ 'ਚ ਪਦਉਨਤ ਲੈਕਚਰਾਰ ਫਰੰਟ ਦੇ ਆਗੂ ਗੁਰਬਿੰਦਰ ਸਿੰਘ ਖਹਿਰਾ ਵਲੋਂ ਦੱਸਿਆ ਕਿ ਵਿਭਾਗ ਅਨੁਸਾਰ ਸਾਰੇ ਯੋਗ ਉਮੀਦਵਾਰਾਂ ਵਲੋਂ ਸਟੇਸ਼ਨ ਚੋਣ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਪੂਰੇ ਸੂਬੇ ਦੀਆਂ ਲੈਕਚਰਾਰ ਦੀਆਂ ਅਸਾਮੀਆਂ ਨੂੰ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਵਿਖੇ 23 ਸਤੰਬਰ ਤੱਕ ਮੁਹੱਈਆ ਕਰਵਾ ਦਿੱਤਾ ਜਾਵੇਗਾ |
ਸਟੇਸ਼ਨ ਚੋਣ ਕਰਨ ਲਈ ਸਮੂਹ ਯੋਗ ਉਮੀਦਵਾਰਾਂ ਵਲੋਂ 24 ਸਤੰਬਰ ਨੂੰ ਸੰਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਦਫਤਰ ਵਿਖੇ ਆਪਣੀ ਹਾਜ਼ਰੀ ਦੇਣ ਲਈ ਕਿਹਾ ਗਿਆ ਹੈ ਉਪਰੰਤ ਉਨ੍ਹਾਂ ਨੂੰ ਸਟੇਸ਼ਨ ਚੋਣ ਕਰਨ ਲਈ ਲੋੜੀਂਦਾ ਫਾਰਮ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਮੁਹੱਈਆ ਕਰਵਾਇਆ ਜਾਵੇਗਾ, ਜਿਸ 'ਚ ਜਾਰੀ ਕੀਤੀ ਗਈ ਵੈਕੰਸੀ ਲਿਸਟ 'ਚੋਂ ਉਮੀਦਵਾਰ ਆਪੋ ਆਪਣਾ ਸਟੇਸ਼ਨ ਦੀਆਂ ਆਪਸ਼ਨਾਂ ਉਸ ਫਾਰਮ 'ਚ ਭਰ ਕੇ ਦੇਣਗੇ ਉਪਰੰਤ ਇਨ੍ਹਾਂ ਵੇਰਵਿਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਤਸਦੀਕ ਕਰਕੇ ਵਿਭਾਗ ਵਲੋਂ ਦਿੱਤੇ ਗੂਗਲ ਲਿੰਕ ਉੱਪਰ ਅਪਲੋਡ ਕਰਨਾ ਹੋਵੇਗਾ | ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਇਸ ਸਾਲ ਕੀਤੀਆਂ ਗਈਆਂ ਬਦਲੀਆਂ 'ਚ ਅਧਿਆਪਕਾਂ ਵਲੋਂ ਦਿੱਤੇ ਗਏ ਸਟੇਸ਼ਨ ਚੋਇਸ ਦੇਣ ਤੋਂ ਬਾਅਦ ਕਈ ਉਮੀਦਵਾਰਾਂ ਨੂੰ ਉਨ੍ਹਾਂ ਦੇ ਬਣਦੇ ਮੈਰਿਟ ਅਨੁਸਾਰ ਸਟੇਸ਼ਨ ਨਹੀਂ ਮਿਲੇ ਸਨ, ਇਸ ਕਰਕੇ ਲੈਕਚਰਾਰਾਂ ਦੇ ਮਨਾਂ 'ਚ ਖਦਸ਼ਾ ਹੈ ਕਿ ਉਨ੍ਹਾਂ ਵਲੋਂ ਭਰ ਕੇ ਦਿੱਤੇ ਗਏ ਇਨ੍ਹਾਂ ਆਪਸ਼ਨਾਂ 'ਚੋਂ ਉਨ੍ਹਾਂ ਦੀ ਬਣਦੀ ਮੈਰਿਟ ਅਨੁਸਾਰ ਕੀ ਲੜੀਵਾਰ ਭਰ ਕੇ ਦਿੱਤੀਆਂ ਗਈਆਂ ਆਪਸ਼ਨਾਂ ਅਨੁਸਾਰ ਸਟੇਸ਼ਨ ਦਿੱਤੇ ਜਾਣਗੇ | ਇਸ ਦੌਰਾਨ ਪਦਉਨਤ ਲੈਕਚਰਾਰ ਫਰੰਟ ਵਲੋਂ ਮੰਗ ਕੀਤੀ ਗਈ ਕਿ ਸਮੂਹ ਯੋਗ ਉਮੀਦਵਾਰਾਂ ਨੂੰ ਪਾਰਦਰਸ਼ੀ ਢੰਗ ਦੇ ਨਾਲ ਪਹਿਲਾਂ ਵਾਂਗ ਮੈਰਿਟ ਦੇ ਅਧਾਰ 'ਤੇ ਮੁੱਖ ਦਫਤਰ ਵਿਖੇ ਬੁਲਾ ਕੇ ਸਟੇੇਸ਼ਨ ਚੋਣ ਕਰਵਾਈ ਜਾਵੇ ਅਤੇ ਦਿੱਤੀਆਂ ਗਈਆਂ ਆਪਸ਼ਨਾਂ 'ਚੋਂ ਪਹਿਲੇ ਨੰਬਰ ਤੇ ਦਿੱਤੀ ਗਈ ਆਪਸ਼ਨ ਜੇ ਖਾਲੀ ਹੈ ਤਾਂ ਉਸੇ ਆਪਸ਼ਨ ਦਾ ਸਟੇਸ਼ਨ ਅਲਾਟ ਕੀਤਾ ਜਾਵੇ | ਉਨ੍ਹਾਂ ਇਹ ਮੰਗ ਕੀਤੀ ਕਿ ਉਕਤ ਅਸਾਮੀਆਂ ਦੇ ਪੂਰੇ ਪੰਜਾਬ 'ਚ ਖਾਲੀ ਸਟੇਸ਼ਨ ਜਨਤਕ ਕੀਤੇ ਜਾਣ |

ਪਿਛਲੀ ਖ਼ਬਰ ਕੈਨੇਡਾ ਤੋਂ ਡਿਪੋਰਟ ਹੋਇਆ ਨੌਜਵਾਨ ਸਾਥੀ ਸਣੇ ਖਿਡੌਣਾ ਪਿਸਤੌਲ ਨਾਲ ਲੁੱਟਣ ਦੇ ਮਾਮਲੇ 'ਚ ਕਾਬੂ ਅਗਲੀ ਖ਼ਬਰ ਸੰਦੀਪ ਖੋਸਲਾ ਨੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਪਿਤਾ ਨੂੰ ਦਿੱਤੀ ਵਧਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।