ਛੇਹਰਟਾ, 21 ਜੁਲਾਈ (ਪੱਤਰ ਪ੍ਰੇਰਕ)- ਮੀਰੀ ਪੀਰੀ ਦਿਵਸ ਨਗਰ ਕੀਰਤਨ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਮਾਨ ਤੇ ਸਮੂਹ ਮੈਂਬਰਾਂ ਵਲੋਂ ਸ਼੍ਰੋਮਣੀ ਕਮੇਟੀ ਤੇ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੀ ਵਡਾਲੀ ਵਿਖੇ ਪਰਸੋਂ ਤੋਂ ਰਖਾਏ ਗਏ ਅਖੰਡ ਪਾਠ ਦੇ ਅੱਜ ਭੋਗ ਪੈਣ 'ਤੇ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਤੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ, ਉਪਰੰਤ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਤੋਂ 33ਵਾਂ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਜੈਕਾਰਿਆਂ ਦੀ ਗੂੰਜ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ, ਹਲਕਾ ਵਿਧਾਇਕ ਡਾ: ਜਸਬੀਰ ਸਿੰਘ ਸੰਧੂ, ਮੈਨੇਜਰ ਗੁਰਪ੍ਰੀਤ ਸਿੰਘ ਖੈਰਾਂਬਾਦ, ਬਾਬਾ ਅਵਤਾਰ ਸਿੰਘ ਧੱਤਲ, ਏ. ਸੀ. ਪੀ. ਪੱਛਮੀ ਸ਼ਿਵਦਰਸ਼ਨ ਸਿੰਘ ਸੰਧੂ, ਗੁਰਅੰਸ਼ ਸਿੰਘ ਮਾਂਗਟ, ਸੂਬੇਦਾਰ ਸੇਵਾ ਸਿੰਘ, ਹਰਪਾਲ ਸਿੰਘ ਖਾਪੜਖੇੜੀ, ਜਥੇ: ਜਸਪਾਲ ਸਿੰਘ ਪੁਤਲੀਘਰ, ਕੌਂਸਲਰ ਸ਼ਮਸ਼ੇਰ ਸਿੰਘ ਸੰਧੂ, ਅਮਰਜੀਤ ਸਿੰਘ ਵਾਲੀਆ, ਜਥੇ: ਸੁਖਚੈਨ ਸਿੰਘ ਵਡਾਲੀ, ਬਾਬਾ ਸਾਹਿਬ ਸਿੰਘ, ਚਰਨ ਸਿੰਘ ਸੰਧੂ, ਪਿ੍ਥੀਪਾਲ ਸਿੰਘ ਵੜੈਚ, ਪਰਮਜੀਤ ਸਿੰਘ ਵਡਾਲੀ, ਬਲਦੇਵ ਸਿੰਘ ਬੱਬੂ ਸੈਕਟਰੀ, ਪ੍ਰਧਾਨ ਹੀਰਾ ਸਿੰਘ, ਸਾਬਕਾ ਸਰਪੰਚ ਕੁਲਦੀਪ ਆਦਿ ਨਤਮਸਤਕ ਹੋਏ ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਮਹਾਨ ਨਗਰ ਕੀਰਤਨ ਗੁਰੂ ਕੀ ਵਡਾਲੀ ਤੋਂ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ, ਪ੍ਰਤਾਪ ਬਾਜ਼ਾਰ ਛੇਹਰਟਾ, ਛੇਹਰਟਾ ਚੌਕ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ, ਰੇਲਵੇ ਸਟੇਸ਼ਨ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਣ ਉਪਰੰਤ ਸ਼ਾਮ ਨੂੰ ਗੁਰਦੁਆਰਾ ਲੋਹਗੜ ਸਾਹਿਬ, ਹਰੀਪੁਰਾ, ਮੋਹਨੀਪਾਰਕ, ਬੋਹੜੀ ਸਾਹਿਬ ਕੋਟ ਖਾਲਸਾ ਤੋਂ ਹੁੰਦਾ ਹੋਇਆ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਆ ਕੇ ਸੰਪੰਨ ਹੋਇਆ | ਨਗਰ ਕੀਰਤਨ ਦਾ ਥਾਂ-ਥਾਂ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ |