ਅਟਾਰੀ, (ਅੰਮਿ੍ਤਸਰ) 21 ਜੁਲਾਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਤੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਭਾਰਤੀ ਸਰਹੱਦ ਅੰਦਰ ਦਾਖਲ ਹੋ ਰਿਹਾ ਸੀ | ਬੀ.ਓ.ਪੀ. ਪੁੱਲ ਮੋਰਾ (ਕੰਜਰੀ) ਵਿਖੇ ਡਿਊਟੀ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 100 ਬਟਾਲੀਅਨ ਦੇ ਕਿਸਾਨ ਗਾਰਡ ਜਵਾਨਾਂ ਨੂੰ ਜਦੋਂ ਰਾਤ ਸਮੇਂ ਹਿਲਜੁਲ ਮਹਿਸੂਸ ਹੋਈ ਤਾਂ ਉਨ੍ਹਾਂ ਨੇ ਪਾਕਿਸਤਾਨੀ ਨਾਗਰਿਕ ਨੂੰ ਰੁਕਣ ਲਈ ਕਿਹਾ ਪਰ ਉਹ ਭਾਰਤ ਅੰਦਰ ਦਾਖਲ ਹੋਣ ਲਈ ਅੱਗੇ ਵੱਧਦਾ ਗਿਆ, ਜਿਸ ਤੋਂ ਬਾਅਦ ਬੀਐੱਸਐੱਫ ਜਵਾਨਾਂ ਨੇ ਉਸ ਨੂੰ ਘੇਰਾ ਪਾ ਕੇ ਫੜ ਲਿਆ | ਪਾਕਿਸਤਾਨੀ ਨਾਗਰਿਕ ਦੀ ਸੂਚਨਾ ਜਦੋਂ ਉੱਚ ਅਧਿਕਾਰੀਆਂ ਤੱਕ ਪਹੁੰਚੀ ਤਾਂ ਬੀ.ਐੱਸ.ਐੱਫ. ਖਾਸਾ ਸੈਕਟਰ ਹੈੱਡ ਕੁਆਰਟਰ ਅੰਮਿ੍ਤਸਰ ਦੇ ਉੱਚ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ | ਉਸ ਪਾਸੋਂ ਬਰੀਕੀ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਕਿਸ ਮਕਸਦ ਨਾਲ ਪਾਕਿਸਤਾਨ ਤੋਂ ਭਾਰਤ ਅੰਦਰ ਦਾਖਲ ਹੋਇਆ | ਬਾਰਡਰ ਪਿਲਰ ਨੰਬਰ 98/ 19 ਦੇ ਨੇੜੇ ਤੋਂ ਕਾਬੂ ਕੀਤੇ ਗਏ ਪਾਕਿਸਤਾਨੀ ਨਾਗਰਿਕ ਦੀ ਪਹਿਚਾਣ ਮੁਹੰਮਦ ਰਾਸ਼ਿਦ (36) ਪੁੱਤਰ ਹਨੀਫ ਮੁਹੰਮਦ ਵਾਸੀ ਪਿੰਡ ਬੋਰੀਵਾਲਾ ਜ਼ਿਲ੍ਹਾ ਵਿਹਾਰੀ ਪਾਕਿਸਤਾਨ ਵਜੋਂ ਹੋਈ ਹੈ | ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਵਲੋਂ ਬਿਨਾਂ ਪਾਸਪੋਰਟ ਅਤੇ ਬਗ਼ੈਰ ਵੀਜ਼ਾ ਭਾਰਤ ਅੰਦਰ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਮੁਹੰਮਦ ਰਾਸ਼ਿਦ ਨੂੰ ਪੁਲਿਸ ਥਾਣਾ ਘਰਿੰਡਾ ਦੇ ਹਵਾਲੇ ਕਰ ਦਿੱਤਾ ਗਿਆ |