27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਮੰਗਤਿਆਂ ਦੀ ਸਮੱਸਿਆ ਨਾਲ ਜੂਝ ਰਹੀ ਹੈ ਗੁਰੂ ਨਗਰੀ

ਅਜੀਤ ਡੈਸਕ 22-07-2025
ਅੰਮਿ੍ਤਸਰ, 21 ਜੁਲਾਈ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਬੀਤੇ ਦਿਨ ਪੁਲਿਸ ਵਲੋਂ ਇਕ ਔਰਤ ਖਿਲਾਫ਼ ਬੱਚਿਆਂ ਤੇ ਕੁੜੀਆਂ ਪਾਸੋਂ ਭੀਖ ਮੰਗਵਾਉਣ ਖਿਲਾਫ ਪਰਚਾ ਦਰਜ਼ ਕਰਨ ਉਪਰੰਤ ਮੰਗਤਿਆਂ ਦੀ ਹੋਈ ਫੜੋ ਫੜੀ ਉਪਰੰਤ ਇਹ ਸਵਾਲ ਪੈਦਾ ਹੋਇਆ ਹੈ ਕਿ ਗੁਰੂ ਨਗਰੀ ਸੱਚਮੁਚ ਮੰਗਤਿਆਂ ਤੋਂ ਮੁਕਤ ਹੋ ਜਾਵੇਗੀ ਜਿਥੇ ਰਾਜ ਭਰ 'ਚ ਸਭ ਤੋਂ ਜ਼ਿਆਦਾ ਮੰਗਤੇ ਦਨਦਨਾਉਂਦੇ ਫਿਰਦੇ ਹਨ | ਮੰਗਤੇ ਇਥੇ ਆਮ ਹੀ ਘੁੰਮਦੇ ਨਜ਼ਰ ਆਉਂਦੇ ਹਨ ਅਤੇ ਖਾਸਕਰ ਬੱਤੀ ਵਾਲੇ ਚੌਂਕਾਂ 'ਚ ਮੈਲੇ ਕੁਚੇਲੇ ਕਪੜਿਆਂ 'ਚ ਔਰਤਾਂ ਜੋ ਅਕਸਰ ਛੋਟੇ ਬੱਚਿਆਂ ਨੂੰ ਕੁਛੜ ਚੁੱਕੀ ਨਜ਼ਰੀ ਪੈਂਦੀਆਂ ਹਨ, ਗਰਭਵਤੀ ਔਰਤਾਂ ਤੇ ਛੋਟੀਆਂ ਬੱਚੀਆਂ ਤੇ ਬੱਚੇ ਭੀਖ ਮੰਗਦੇ ਆਮ ਹੀ ਨਜ਼ਰ ਪੈਂਦੇ ਹਨ ਜੋ ਕਿ ਚੌਂਕ 'ਚ ਖੜ੍ਹੀ ਹਰ ਕਾਰ ਦਾ ਸ਼ੀਸ਼ਾ ਖੜਕਾ ਕੇ ਪੈਸੇ ਮੰਗਦੀਆਂ ਹਨ | ਇਸ ਤੋਂ ਇਲਾਵਾ ਕੁਝ ਲੋਕ ਧਾਰਮਿਕ ਸਥਾਨਾਂ ਦੇ ਬਾਹਰ ਡਾਕਟਰੀ ਇਲਾਜ਼ ਲਈ ਪੈਸੇ ਮੰਗਦੇ ਦੇਖੇ ਗਏ ਹਨ | ਇਸੇ ਤਰ੍ਹਾਂ ਪ੍ਰੋਜੈਕਟ ਸਮਾਈਲ ਦੀ ਸ਼ੁਰੂਆਤ 2022 'ਚ ਹੋਈ ਸੀ ਜਿਸ ਤਹਿਤ ਜਿਨ੍ਹਾਂ ਬੱਚਿਆਂ ਤੋਂ ਭੀਖ ਮੰਗਵਾਈ ਜਾ ਰਹੀ ਹੈ ਉਨ੍ਹਾਂ ਬੱਚਿਆਂ ਦੀ ਸਹਿਮਤੀ ਨਾਲ ਸਰਕਾਰ ਵਲੋਂ ਡੀ.ਐੱਨ.ਏ. ਟੈਸਟ ਕਰਵਾਇਆ ਜਾਂਦਾ ਹੈ ਅਤੇ ਜੇਕਰ ਬੱਚੇ ਦਾ ਡੀ.ਐੱਨ.ਏ. ਮੌਜੂਦਾ ਭੀਖ ਮੰਗਣ ਵਾਲੇ ਉਸਦੇ ਮਾਪਿਆਂ ਨਾਲ ਮੇਲ ਨਾ ਖਾਂਦਾ ਹੋਵੇ ਤਾਂ ਉਸ ਤੋਂ ਬਾਅਦ ਪੁਲਿਸ ਵਲੋਂ ਬੱਚਿਆਂ ਦੀ ਗੁੰਮਸ਼ੁਦਗੀ ਜਾਂ ਅਗਵਾ ਦਾ ਕੇਸ ਰਜਿਸਟਰਡ ਹੁੰਦਾ ਹੈ ਅਤੇ ਅਸਲ ਮਾਪਿਆਂ ਦੀ ਭਾਲ ਕੀਤੀ ਜਾਂਦੀ ਹੈ ਅਤੇ ਜੇਕਰ ਅਸਲ ਮਾਪੇ ਨਹੀਂ ਮਿਲਦੇ ਤਾਂ ਬੱਚਿਆਂ ਦਾ ਨਾਂ ਵਿਸੇਸ਼ ਐਪ 'ਤੇ ਦਰਜ ਹੁੰਦਾ ਹੈ ਜਿਸ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਗੋਦ ਲੈਣ ਦੇ ਚਾਹਵਾਨ ਮਾਪਿਆਂ ਨੂੰ ਸੌਂਪ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਬੱਚੇ ਨਵੀਂ ਜ਼ਿੰਦਗੀ ਜੀਅ ਸਕਦੇ ਹਨ | ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਬੱਚਿਆਂ ਦਾ ਡੀ.ਐੱਨ.ਏ. ਇਨ੍ਹਾਂ ਮੰਗਤਿਆਂ ਨਾਲ ਨਾ ਮਿਲਿਆ ਤਾਂ ਕੀ ਕਾਰਵਾਈ ਹੋਵੇਗੀ ਕੀ ਇਹ ਬੱਚੇ ਆਪਣੇ ਅਸਲ ਮਾਪਿਆਂ ਨੂੰ ਮਿਲ ਸਕਣਗੇ | ਪ੍ਰੋਜੈਕਟ ਜੀਵਨਜੋਤ ਜਿਸ ਤਹਿਤ ਬੱਚਿਆਂ ਨੂੰ ਭੀਖ ਮੰਗਣ ਦੇ ਕੰਮ ਤੋਂ ਨਿਜਾਤ ਦਿਵਾ ਕੇ ਸਿਖਿਆ ਤੇ ਪੁਨਰਵਾਸ ਦੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਬੱਚਿਆਂ ਨੂੰ ਭੀਖ ਮੰਗਣ ਵਾਲਿਆਂ ਦੇ ਚੁੰਗਲ 'ਚ ਛੁਡਵਾਇਆ ਜਾਂਦਾ ਹੈ ਦੀ ਸ਼ੁਰੂਆਤ ਬੀਤੇ ਸਾਲ 2024 'ਚ ਸ਼ੁਰੂ ਹੋਈ ਸੀ ਜਿਸ ਤਹਿਤ ਬੇਸਹਾਰਿਆਂ ਨੂੰ ਘਰਾਂ 'ਚ ਪਨਾਹ ਦਿੱਤੀ ਜਾਂਦੀ ਹੈ ਅਤੇ ਸਿਖਿਆ ਤੇ ਸਿਹਤ ਦਾ ਧਿਆਨ ਸਰਕਾਰ ਰੱਖਦੀ ਹੈ | ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਡੀ.ਐੱਨ.ਏ. ਪੋ੍ਰੋਟੋਕਾਲ ਬਹੁਤ ਕਠਿਨ ਪ੍ਰਕਿਆ ਹੈ ਅਤੇ ਕੀ ਸਰਕਾਰ ਇਸ ਪ੍ਰਕਿਆ ਨੂੰ ਕਰ ਸਕੇਗੀ ਇਹ ਆਉਣ ਵਾਲਾ ਸਮਾਂ ਹੀ ਦਸੇਗਾ | ਹਾਲ ਦੀ ਘੜੀ ਰੈਸਕਿਉੂ ਅਪਰੇਸ਼ਨ ਦੀ ਸ਼ੁਰੂਆਤ ਸਰਕਾਰ ਵਲੋਂ ਅੰਮਿ੍ਤਸਰ ਤੋਂ ਕੀਤੀ ਗਈ ਹੈ ਜੋ ਕਿ ਚੰਗੀ ਪਹਿਲਕਦਮੀ ਹੈ |
ਪਿਛਲੀ ਖ਼ਬਰ ਭਾਰਤੀ ਸਰਹੱਦ ਅੰਦਰ ਦਾਖਲ ਹੋਇਆ ਪਾਕਿਸਤਾਨੀ ਨਾਗਰਿਕ ਬੀ.ਐੱਸ.ਐੱਫ. ਵਲੋਂ ਕਾਬੂ ਅਗਲੀ ਖ਼ਬਰ ਰਾਯਨ ਸਕੂਲ ਦੀ ਆਰਾਧਿਆ ਮਹਿਤਾ ਦਾ ਸ਼ਤਰੰਜ ਟੂਰਨਾਮੈਂਟ 'ਚ ਤੀਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।