ਅੰਮਿ੍ਤਸਰ, 21 ਜੁਲਾਈ (ਰੇਸ਼ਮ ਸਿੰਘ)- ਅੱਜ ਸਵੇਰੇ ਵਕੀਲ ਲਖਵਿੰਦਰ ਸਿੰਘ ਨੂੰ ਅਣਪਛਾਤੇ ਹਮਲਾਵਰਾਂ ਵਲੋਂ ਜੰਡਿਆਲਾ ਗੁਰੂ ਵਿਖੇ ਗੋਲੀਆਂ ਮਾਰ ਕੇ ਕੀਤੇ ਜਾਨਲੇਵਾ ਹਮਲੇ ਦੀ ਖ਼ਬਰ ਜਦੋਂ ਅੰਮਿ੍ਤਸਰ ਪੁੱਜੀ ਤਾਂ ਸਮੂਹ ਵਕੀਲ ਭਾਈਚਾਰੇ 'ਚ ਰੋਸ ਦੀ ਲਹਿਰ ਫੈਲ ਗਈ | ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਨੇ ਦਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸੱਦੇ 'ਤੇ ਰੋਸ ਵਜੋਂ ਅੱਜ ਜ਼ਿਲ੍ਹੇ ਭਰ ਦੇ ਸਮੂਹ ਵਕੀਲ ਭਾਈਚਾਰੇ ਨੇ ਕੰਮ ਕਾਜ ਠੱਪ ਰਖਿਆ ਦੇ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟਾਇਆ | ਉਨ੍ਹਾਂ ਕਿਹਾ ਕਿ ਭਲਕੇ 22 ਜੁਲਾਈ ਨੂੰ ਵੀ ਅੰਮਿ੍ਤਸਰ ਜ਼ਿਲ੍ਹੇ 'ਚ ਵਕੀਲ ਭਾਈਚਾਰੇ ਵਲੋਂ ਨੋ ਵਰਕ ਡੇਅ ਦਾ ਐਲਾਨ ਕੀਤਾ ਗਿਆ ਹੈ | ਸ: ਪਨੇਸਰ ਨੇ ਕਿਹਾ ਕਿ ਲਖਵਿੰਦਰ ਸਿੰਘ ਅੰਮਿ੍ਤਸਰ ਬਾਰ ਐਸੋਸੀਏਸ਼ਨ ਦੇ ਸੀਨੀਅਰ ਤੇ ਸਤਿਕਾਰਤ ਮੈਂਬਰ ਹਨ ਜਿਨ੍ਹਾਂ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਜਾਨਲੇਵਾ ਹਮਲਾ ਕੀਤੇ ਜਾਣ ਨਾਲ ਸਮੂਹ ਵਕੀਲ ਭਾਈਚਾਰਾ ਅਸੁਰਖਿਅਤ ਮਹਿਸੂਸ ਕਰਦਾ ਹੈ | ਉਨ੍ਹਾਂ ਕਿਹਾ ਕਿ ਅੰਮਿ੍ਤਸਰ 'ਚ ਅਮਨ ਕਾਨੂੰਨ ਦੀ ਸੁਰਖਿਆ ਰੱਬ ਆਸਰੇ ਹੈ ਅਤੇ ਇਥੇ ਕੋਈ ਵੀ ਸੁਰਖਿਅਤ ਨਹੀਂ ਹੈ | ਇਸ ਮੌਕੇ ਉਨ੍ਹਾਂ ਨਾਲ ਮੀਤ ਪ੍ਰਧਾਨ ਰਾਜਦੀਪ ਸਿੰਘ ਘੁੰਮਣ, ਸੈਕਟਰੀ ਵਿੱਕੀ ਮਹਿਰਾ, ਜੁਆਇੰਟ ਸਕੱਤਰ ਸੌਰਵ ਸ਼ਰਮਾ, ਖ਼ਜ਼ਾਨਚੀ ਰਾਕੇਸ਼ ਸ਼ਰਮਾ, ਰਮਨ ਮੋਂਗਾ, ਗਗਨ ਭਾਟੀਆ, ਅਨੁਰਾਧਾ ਅਰੋੜਾ ਸਹਿਗਲ, ਹਰਪ੍ਰੀਤ ਕੌਰ ਗਰੋਵਰ, ਅਮਿਤ ਅਰੋੜਾ, ਰਵਿੰਦਰ ਭਾਰਦਵਾਜ਼, ਵਿਕਰਮਜੀਤ ਸਿੰਘ ਆਦਿ ਹਾਜ਼ਰ ਸਨ |
ਅੰਮਿ੍ਤਸਰ 'ਚ ਵਕੀਲਾਂ ਵਲੋਂ ਕੀਤੀ ਹੜਤਾਲ, ਸਾਰਾ ਦਿਨ ਰਹੇ ਅਦਾਲਤੀ ਕੰਮਕਾਜ ਠੱਪ
ਅਜੀਤ ਡੈਸਕ
22-07-2025