ਵੇਰਕਾ, 21 ਜੁਲਾਈ (ਪਰਮਜੀਤ ਸਿੰਘ ਬੱਗਾ)- ਪੀ. ਐੱਸ. ਈ. ਬੀ. ਜੁਆਇੰਟ ਫੋਰਮ, ਏਕਤਾ ਮੰਚ, ਐਸੋਸੀਏਸ਼ਨ ਆਫ ਜੇ. ਈ. ਅਤੇ ਐਸੋਸੀਏਸ਼ਨ ਆਫ ਪੈਨਸ਼ਨਰ (ਏਟਕ) ਦੇ ਸਾਂਝੇ ਫਰੰਟ ਨੇ ਪੰਜਾਬ ਸਰਕਾਰ ਤੇ ਬੋਰਡ ਮੈਨੇਜਮੈਂਟ ਵਲੋਂ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿਚ ਅੱਜ ਸਬ ਅਰਬਨ ਸਰਕਲ ਪਾਵਰ ਕਾਲੋਨੀ ਮਜੀਠਾ ਰੋਡ ਅੰਮਿ੍ਤਸਰ ਦੇ ਦਫਤਰ ਵਿਖੇ ਸਰਕਲ ਪੱਧਰੀ ਵਿਸ਼ਾਲ ਧਰਨਾ ਦਿੱਤਾ ਗਿਆ ਜਿਸ ਵਿਚ ਸਬ ਅਰਬਨ ਸਰਕਲ ਅੰਮਿ੍ਤਸਰ ਦੀਆਂ ਸਾਰੀਆਂ ਡਵੀਜ਼ਨਾਂ ਤੇ ਸਬ ਡਵੀਜ਼ਨਾਂ ਦੇ ਸਮੂਹ ਮੁਲਾਜ਼ਮਾਂ ਪੈਨਸ਼ਨਰਾਂ ਤੇ ਆਗੂਆਂ ਨੇ ਹਿੱਸਾ ਲਿਆ | ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸਕੱਤਰ ਗੁਰਵੇਲ ਸਿੰਘ ਬੱਲ ਪੁਰੀਆ, ਸੂਬਾ ਆਗੂ ਮਨਜੀਤ ਸਿੰਘ ਬਾਸਰਕੇ, ਪਾਵਰਕਾਮ ਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ (ਏਟਕ) ਦੇ ਸੂਬਾ ਆਗੂ ਜੋਗਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਜਾਇਜ਼ ਤੇ ਵਾਜਬ ਮੰਗਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ | ਇਨ੍ਹਾਂ ਮੰਗਾਂ ਵਿਚ ਕੱਚੇ ਮੁਲਾਜ਼ਮਾ ਨੂੰ ਪੱਕਾ ਕਰਨਾ, ਠੇਕੇਦਾਰੀ ਸਿਸਟਮ ਬੰਦ ਕਰਕੇ ਨਵੀਂ ਭਰਤੀ ਕਰਨੀ, ਪਰਬੇਸ਼ਨ ਪੀਰੀਅਡ ਵਿਚ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਅਤੇ ਭੱਤਾ ਦੇਣਾ, ਨਵੇਂ ਸਕੇਲਾਂ ਦਾ ਏਰੀਅਰ ਇਕ ਮੁਸ਼ਤ ਦੇਣਾ, 267/11 ਅਤੇ 281/13 ਲਾਈਨਮੈਨਾ ਦਾ ਕੰਟਰੈਕਟ ਸਮਾਂ ਰੈਗੂਲਰ ਕਰਨਾ ਅਤੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੰਜਾਬ ਦਾ ਛੇਵਾਂ ਪੇ ਕਮਿਸ਼ਨ ਦੇਣ ਤੇ ਮੁਲਾਜ਼ਮਾਂ ਦੇ ਹੱਕ ਵਿਚ ਬਣੇ 44 ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਡ ਬਣਾਉਣ ਖ਼ਿਲਾਫ਼ ਸਰਕਾਰੀ ਬਿਜਲੀ ਕੰਪਨੀਆਂ ਦੇ ਨਿੱਜੀਕਰਨ ਤੇ ਬਿਜਲੀ ਸੋਧ ਬਿੱਲ 2025 ਵਾਪਸ ਲੈਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਆਦਿ ਮੁੱਖ ਮੰਗਾਂ ਹਨ | ਆਗੂਆਂ ਨੇ ਆਪਣੇ ਸੰਘਰਸ਼ ਦੀ ਲੜੀ ਬਾਰੇ ਦੱਸਦਿਆਂ ਕਿਹਾ ਇਹ ਸਰਕਲ ਪੱਧਰੀ ਧਰਨੇ 22 ਜੁਲਾਈ ਤੱਕ ਜਾਰੀ ਰਹਿਣਗੇ ਜੇਕਰ ਇਸ ਦੌਰਾਨ ਵੀ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ 27 ਤਰੀਕ ਨੂੰ ਬਿਜਲੀ ਮੰਤਰੀ ਪੰਜਾਬ ਦੀ ਅੰਮਿ੍ਤਸਰ ਰਿਹਾਇਸ਼ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ | ਜੇਕਰ ਫਿਰ ਵੀ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਸਤ ਮਹੀਨੇ ਦੇ ਪਹਿਲੇ ਹਫਤੇ ਸਮੂਹ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ 'ਤੇ ਚਲੇ ਜਾਣਗੇ | ਇਸ ਦੌਰਾਨ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਮੈਨੇਜਮੈਂਟ ਦੀ ਹੋਵੇਗੀ | ਰੋਸ ਧਰਨੇ ਵਿਚ ਗੁਰਵੰਤ ਸਿੰਘ ਸੋਹੀ, ਰਾਕੇਸ਼ ਕੁਮਾਰ ਅਮਰੀਕ ਲੁਹਾਰਕਾ, ਅਰਵਿੰਦਰ ਪਾਲ ਸਿੰਘ ਸੰਘਾ, ਪਰਮਪਾਲ ਸਿੰਘ, ਗੁਰਬਖਸ਼ੀਸ਼ ਸਿੰਘ, ਬਿਕਰਮਜੀਤ ਸਿੰਘ, ਵਿਸ਼ਾਲ ਸ਼ਰਮਾ, ਅਰਸ਼ਦੀਪ ਸਿੰਘ, ਫਤਿਹਬੀਰ ਸਿੰਘ, ਕੁਲਦੀਪ ਸ਼ਰਮਾ, ਰਜਿੰਦਰ ਛੇਹਰਟਾ, ਮਲੂਕ ਸਿੰਘ ਥਾਦਾ, ਪਾਵਰਕਾਮ ਤੇ ਟ੍ਰਾਂਸਕੋ ਪੈਨਸ਼ਨ ਯੂਨੀਅਨ ਦੇ ਆਗੂ ਗੁਰਮੀਤ ਸਿੰਘ, ਕੁਲਵੰਤ ਸਿੰਘ, ਜਗਦੀਸ਼ ਸਿੰਘ, ਰਣਜੀਤ ਸਿੰਘ ਅਜਨਾਲਾ ਨੇ ਵੀ ਸੰਬੋਧਨ ਕੀਤਾ |
ਪੀ. ਐੱਸ. ਈ. ਬੀ. ਜੁਆਇੰਟ ਫੋਰਮ ਤੇ ਏਕਤਾ ਮੰਚ ਵਲੋਂ ਪਾਵਰ ਕਾਲੋਨੀ ਮਜੀਠਾ ਰੋਡ ਵਿਖੇ ਸਰਕਲ ਪੱਧਰੀ ਰੋਸ ਧਰਨਾ
ਅਜੀਤ ਡੈਸਕ
22-07-2025