ਜਗਦੇਵ ਕਲਾਂ, 20 ਜੁਲਾਈ (ਸ਼ਰਨਜੀਤ ਸਿੰਘ ਗਿੱਲ)-ਸ਼੍ਰੋਮਣੀ ਕਮੇਟੀ ਅਤੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ 'ਗੁਰਫਤਿਹ ਵੈਲਫੇਅਰ ਸੁਸਾਇਟੀ' ਵਲੋਂ ਗੁ. ਬਾਬਾ ਜੀਵਨ ਸਿੰਘ ਪਿੰਡ ਤੇੜਾ ਖੁਰਦ ਵਿਖੇ ਗੁਰਮਤਿ ਅਤੇ ਅੰਮਿ੍ਤ ਸੰਚਾਰ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੱਚਖੰਡ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੁੱਜੇ ਪੰਜ ਪਿਆਰਿਆਂ ਵਲੋਂ 56 ਪ੍ਰਾਣੀਆਂ ਨੂੰ ਅੰਮਿ੍ਤਪਾਨ ਕਰਵਾਇਆ ਗਿਆ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਕਕਾਰ ਭੇਟਾ ਰਹਿਤ ਦਿੱਤੇ ਗਏ | ਇਸ ਤੋਂ ਪਹਿਲਾਂ ਅੰਮਿ੍ਤ ਵੇਲੇ ਪ੍ਰਭਾਤ ਫੇਰੀ ਕੱਢੀ ਗਈ | ਜਿਸ ਦੌਰਾਨ ਸੰਗਤਾਂ ਨੂੰ ਨਕਲੀ ਗੁਰੂ ਡੰਮ, ਡੇਰਾਵਾਦ, ਨਸ਼ਿਆਂ, ਭਰੂਣ ਹੱਤਿਆ, ਦਹੇਜ ਆਦਿ ਸਮਾਜਿਕ ਕੁਰੀਤੀਆਂ ਤੋਂ ਬਚਣ ਅਤੇ ਸੰਗਤਾਂ ਨੂੰ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ ਗਿਆ | ਇਸ ਮੌਕੇ ਨਸ਼ਾ ਛੱਡਣ ਤੇ ਕੇਸ ਰੱਖਣ ਦਾ ਪ੍ਰਣ ਕਰਨ ਵਾਲੇ ਨੌਜਵਾਨਾਂ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਫਤਿਹ ਵੈਲਫੇਅਰ ਸੋਸਾਇਟੀ ਦੇ ਮੁਖੀ ਜਥੇ. ਗੁਰਿੰਦਰ ਸਿੰਘ ਰਾਜਾ, ਭਾਈ ਮਨਦੀਪ ਸਿੰਘ ਝੰਡੇਰ ਪ੍ਰਚਾਰਕ ਸ਼੍ਰੋਮਣੀ ਕਮੇਟੀ, ਸਰਦੂਲ ਸਿੰਘ, ਬਿਕਰਮ ਸਿੰਘ, ਕਿਰਪਾਲ ਸਿੰਘ ਆਦਿ ਸ਼ਖਸੀਅਤਾਂ ਹਾਜ਼ਰ ਸਨ |