ਵੇਰਕਾ, 20 ਜੁਲਾਈ (ਪਰਮਜੀਤ ਸਿੰਘ ਬੱਗਾ)-ਵਿਆਹੁਤਾ ਔਰਤਾਂ ਨਾਲ ਦਹੇਜ ਦੀ ਖਾਤਰ ਸਹੁਰੇ ਪਰਿਵਾਰ ਦੁਆਰਾ ਕੀਤੀਆਂ ਜਾਂਦੀਆਂ ਧੱਕੇਸ਼ਾਹੀਆਂ ਤੇ ਅੱਤਿਆਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਮਾਮਲਿਆਂ ਵਿਚ ਇਨਸਾਫ ਲਈ ਦਰ ਦਰ ਭਟਕਣ ਵਾਲੀਆਂ ਪੀੜਤ ਔਰਤਾਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਿਵਲ ਰਾਈਟਸ ਪ੍ਰੋਟੈਕਸ਼ਨ ਐਸੋਸੀਏਸ਼ਨ (ਰਜਿ:) ਦੁਆਰਾ ਹਰ ਪੱਖੋਂ ਸਾਥ ਦਿੱਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਕਤ ਸੀ.ਆਰ.ਪੀ.ਏ. ਪੰਜਾਬ ਮਹਿਲਾ ਵਿੰਗ ਦੀ ਡਾਇਰੈਕਟਰ ਬੀਬੀ ਚਰਨਜੀਤ ਕੌਰ ਵੇਰਕਾ ਨੇ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਦਾ ਮੁੱਖ ਮਨੋਰਥ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਨਸ਼ਿਆਂ, ਭਰੂਣ ਹੱਤਿਆਵਾਂ, ਬੇਰੋਜ਼ਗਾਰੀ, ਰਿਸ਼ਵਤਖੋਰੀ, ਲੁੱਟਾਂ ਖੋਹਾਂ ਆਦਿ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕ ਕਰਨਾ ਤੇ ਆਵਾਜ਼ ਬੁਲੰਦ ਕਰਨਾ ਹੈ | ਇਸ ਲਈ ਐਸੋਸੀਏਸ਼ਨ ਦਾ ਦਾਇਰਾ ਵਧਾਉਣ ਲਈ ਮਿਹਨਤੀ ਬੇਦਾਗ ਤੇ ਇਮਾਨਦਾਰ ਨੌਜਵਾਨਾਂ, ਆਦਮੀਆਂ ਤੇ ਔਰਤਾਂ ਨੂੰ ਸੀ.ਆਰ.ਪੀ.ਏ. ਦਾ ਹਿੱਸਾ ਬਣਾਇਆ ਜਾਵੇਗਾ ਤੇ ਅਹਿਮ ਜ਼ੁਮੇਵਾਰੀਆਂ ਸੌਂਪੀਆਂ ਜਾਣਗੀਆਂ | ਇਸ ਤੋਂ ਇਲਾਵਾ ਬੀਬੀ ਚਰਨਜੀਤ ਕੌਰ ਵੇਰਕਾ ਨੇ ਪਿਛਲੇ ਤਿੰਨ ਦਿਨ ਤੋਂ ਰੂਹਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਨੂੰ ਈਮੇਲਾਂ ਰਾਹੀ ਬੰਬ ਨਾਲ ਉਡਾਉਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਅਜਿਹੀਆਂ ਮੇਲਾ ਭੇਜਣ ਵਾਲਿਆਂ ਦੀ ਸ਼ਨਾਖ਼ਤ ਕਰਕੇ ਮਿਸਾਲੀ ਕਾਰਵਾਈ ਦੀ ਵੀ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਪਾਸੋਂ ਮੰਗ ਕੀਤੀ | ਇਸ ਮੌਕੇ ਧਰਮਿੰਦਰ ਸਿੰਘ ਭਕਨਾ, ਗੁਰਭੇਜ ਸਿੰਘ, ਹੀਰਾ ਸਿੰਘ, ਜਸਬੀਰ ਸਿੰਘ, ਰਣਜੀਤ ਸਿੰਘ (ਸਾਰੇ ਸਪੈਸ਼ਲ ਅਫਸਰ) ਮੌਜੂਦ ਸਨ |