ਅੰਮਿ੍ਤਸਰ, 19 ਜੁਲਾਈ (ਜੱਸ)¸ਖ਼ਾਲਸਾ ਕਾਲਜ ਦੇ ਸਿੱਖ ਇਤਿਹਾਸ ਖੋਜ ਕੇਂਦਰ ਵਿਖੇ ਵਿਸ਼ਵ ਯੁੱਧਾਂ ਦੌਰਾਨ ਲੜਨ ਵਾਲੇ ਸਿੱਖ ਸੈਨਿਕਾਂ ਦੀ ਯਾਦ 'ਚ ਬੈਲਜੀਅਮ ਤੋਂ ਲਿਆਂਦੇ ਇਕ ਵਿਲੱਖਣ 'ਮਿੱਟੀ ਦੇ ਮਾਡਲ ਚਿੰਨ੍ਹ' ਨੂੰ ਸਥਾਪਿਤ ਕੀਤਾ ਗਿਆ ਹੈ | ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਦਿਆਰਥੀ ਡਾ. ਦਵਿੰਦਰ ਸਿੰਘ ਛੀਨਾ ਵਲੋਂ ਯੂਰਪ ਤੋਂ ਲਿਆਂਦਾ ਗਿਆ ਉਕਤ ਮਾਡਲ ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ ਨੂੰ ਸੌਂਪਿਆ ਗਿਆ | ਡਾ. ਛੀਨਾ ਨੇ ਕਿਹਾ ਕਿ ਮਾਡਲ ਪੱਗ ਬੰਨ੍ਹੇ ਹੋਏ ਇਕ ਸਿੱਖ ਸਿਪਾਹੀ ਦਾ ਪ੍ਰਭਾਵ ਦਿੰਦੀ ਹੈ | ਪਿ੍ੰ: ਡਾ. ਰੰਧਾਵਾ ਨੇ ਕਿਹਾ ਕਿ ਇਹ ਮਾਡਲ ਪ੍ਰਾਪਤ ਕਰਨਾ ਸਨਮਾਨ ਦੀ ਗੱਲ ਹੈ ਜੋ ਕਿ ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਉਕਤ ਕੇਂਦਰ ਵਿਖੇ ਰੱਖਿਆ ਜਾਵੇਗਾ | ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੇਅਰ ਡੈਸਕੋਮਰ ਦਾ ਸਿੱਖ ਸੈਨਿਕਾਂ ਅਤੇ ਸਿੱਖ ਵਿਰਾਸਤ ਦੀਆਂ ਕੁਰਬਾਨੀਆਂ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਡਾ. ਜਸਵਿੰਦਰ ਸਿੰਘ ਤੇ ਧਰਮਿੰਦਰ ਸਿੰਘ ਰਟੌਲ ਵੀ ਮੌਜੂਦ ਸਨ |