ਛੇਹਰਟਾ, 18 ਜੁਲਾਈ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਅੰਮਿ੍ਤਸਰ ਡਾ. ਕਿਰਨਦੀਪ ਕੌਰ ਵਲੋਂ ਡੇਂਗੂ ਅਤੇ ਚਿਕਨਗੁਣੀਆ ਦੇ ਸੰਭਾਵਿਤ ਖੇਤਰਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਐਂਟੀ ਲਾਰਵਾ ਸਪਰੇਅ ਕਰਵਾਏ ਗਏ | ਇਸ ਦੌਰਾਨ ਛੇਹਰਟਾ ਦੇ ਇਲਾਕਿਆਂ ਵਿਚ ਡੇਂਗੂ ਤੇ ਚਿਕਨਗੁਨੀਆ ਪ੍ਰਤੀ ਆਮ ਜਨਤਾ ਨੂੰ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ | ਇਸ ਉਪਰੰਤ ਉਨ੍ਹਾਂ ਵਲੋਂ ਵੱਖ-ਵੱਖ ਥਾਵਾਂ ਦੀ ਜਾਂਚ ਕੀਤੀ ਗਈ ਅਤੇ ਖੜੇ ਪਾਣੀ ਵਿਚ ਸਪਰੇਅ ਕਰਵਾਏ ਗਏ | ਇਸ ਉਪਰੰਤ ਉਨ੍ਹਾਂ ਵਲੋਂ ਛੇਹਰਟਾ ਪੁਲਿਸ ਸਟੇਸ਼ਨ ਵਿਖੇ ਡੇਂਗੂ ਤੇ ਚਿਕਨਗੁਨੀਆ ਦੇ ਲਾਰਵੇ ਦੀ ਭਾਲ ਕੀਤੀ ਗਈ | ਇਸ ਮੌਕੇ ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਬਹੁਤ ਸਾਰੀਆਂ ਥਾਵਾਂ ਤੇ ਪਾਣੀ ਦਾ ਇੱਕਠਾ ਹੋਣਾਂ ਸੁਭਾਵਿਕ ਹੀ ਹੈ, ਪਰ ਇਸ ਦੇ ਨਾਲ ਹੀ ਜਿਥੇ ਪਾਣੀ ਇੱਕਠਾ ਹੋਵੇਗਾ ਉਥੇ ਮੱਛਰ ਦੀ ਪੈਦਾਵਾਰ ਵੀ ਹੋਵੇਗੀ, ਇਸ ਲਈ ਸਾਡੀ ਸਾਰਿਆਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਮੱਛਰ ਦੀ ਪੈਦਾਵਰ ਨੂੰ ਰੋਕਣ ਲਈ ਸਿਹਤ ਵਿਭਾਗ ਦਾ ਸਹਿਯੋਗ ਕਰੀਏ ਅਤੇ ਕਿਤੇ ਵੀ ਪਾਣੀ ਇੱਕਠਾ ਨਾਂ ਹੋਣ ਦੇਈਏ, ਕਿੳਾਕਿ ਡੇਂਗੂ ਤੋਂ ਬਚਣ ਲਈ ਸਭ ਤੋਂ ਜ਼ਿਆਦਾ ਜਰੂਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ | ਇਸ ਦੇ ਨਾਲ ਹੀ ਪੂਰੀ ਬਾਹਵਾਂ ਦੇ ਕੱਪੜੇ ਪਹਿਨੇ ਜਾਣ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤੇਮਾਲ ਵੀ ਸਾਨੂੰ ਡੇਂਗੂ ਤੋਂ ਬਚਾਅ ਸਕਦਾ ਹੈ | ਇਸ ਮੌਕੇ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਹਰਜੋਤ ਕੌਰ, ਜ਼ਿਲ੍ਹਾ ਐੱਮ. ਈ. ਆਈ. ਓ. ਅਮਰਦੀਪ ਸਿੰਘ, ਛੇਹਰਟਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਾ. ਕੰਵਲਜੀਤ ਸਿੰਘ, ਐੱਸ. ਆਈ. ਸੁਖਦੇਵ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਹਰਮੀਤ ਸਿੰਘ, ਕੁਲਦੀਪ ਸਿੰਘ, ਗੁਰਪਾਲ ਸਿੰਘ, ਰਸਪਾਲ ਸਿੰਘ ਸਮੇਤ ਸਮੂਹ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਹੋਏ |