ਰਈਆ, 17 ਜੁਲਾਈ (ਸ਼ਰਨਬੀਰ ਸਿੰਘ ਕੰਗ)-ਰਈਆ ਦੇ ਫੇਰੂਮਾਨ ਰੋਡ ਦਾ ਸੀਵਰੇਜ਼ ਪਿਛਲੇ ਦਸ ਸਾਲ ਤੋਂ ਬੰਦ ਹੋਣ ਕਰਕੇ ਬਾਰਿਸ਼ ਤੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਪਾਣੀ ਲੋਕਾਂ ਦੇ ਘਰਾਂ ਤੇ ਦੁਕਾਨਾਂ ਵਿਚ ਵੜ ਜਾਂਦਾ ਸੀ ਜਿਸ ਨਾਲ ਦੁਕਾਨਦਾਰਾਂ ਦਾ ਕਈ ਵਾਰ ਨੁਕਸਾਨ ਹੋ ਚੁੱਕਾ ਸੀ | ਇਸ ਤੋਂ ਦੁਖੀ ਦੁਕਾਨਦਾਰ ਪਿਛਲੀਆਂ ਕਮੇਟੀਆਂ 'ਤੇ ਕਾਬਜ਼ ਲੋਕਾਂ ਨੂੰ ਕਈ ਵਾਰੀ ਮਿਲ ਕੇ ਇਸ ਤੋਂ ਜਾਣੂ ਕਰਾ ਚੁੱਕੇ ਸਨ ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ | ਹੁਣ ਪਿਛਲੇ ਦਿਨੀਂ ਰੌਬਨ ਮਾਨ ਵਲੋਂ ਨਗਰ ਪੰਚਾਇਤ ਰਈਆ ਦੇ ਪ੍ਰਧਾਨ ਦਾ ਚਾਰਜ ਸੰਭਾਲਣ ਤੇ ਪੀੜਤ ਦੁਕਾਨਦਾਰ ਸੀਨੀਅਰ ਕੌਂਸਲਰ ਗੁਰਦੀਪ ਸਿੰਘ ਨੂੰ ਲੈ ਕੇ ਪ੍ਰਧਾਨ ਰੌਬਿਨ ਮਾਨ ਨੂੰ ਮਿਲੇ ਤੇ ਆਪਣੀ ਸਮੱਸਿਆ ਤੋਂ ਜਾਣੂ ਕਰਾਇਆ | ਦੁਕਾਨਦਾਰਾਂ ਦੀ ਗੱਲ ਸੁਣਦੇ ਹੀ ਪ੍ਰਧਾਨ ਰੌਬਿਨ ਮਾਨ ਤੇ ਗੁਰਦੀਪ ਸਿੰਘ ਨੇ ਸੀਵਰੇਜ਼ ਵਿਭਾਗ ਦੇ ਅਮਲੇ ਫੈਲੇ ਨੂੰ ਲੈ ਕੇ ਫੇਰੂਮਾਨ ਰੋਡ ਪੁੱਜੇ ਤੇ ਕਈ ਘੰਟਿਆਂ ਦੀ ਸਖਤ ਮੁਸ਼ੱਕਤ ਤੋਂ ਬਾਅਦ ਆਖਿਰ ਦਸ ਸਾਲ ਤੋਂ ਬੰਦ ਪਿਆ ਸੀਵਰੇਜ਼ ਚਾਲੂ ਕਰਨ ਵਿਚ ਸਫਲ ਹੋ ਗਏ | ਇਸ ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਦੁਕਾਨਦਾਰਾਂ ਨੇ ਪ੍ਰਧਾਨ ਰੌਬਿਨ ਮਾਨ, ਗੁਰਦੀਪ ਸਿੰਘ ਤੇ ਨਗਰ ਪੰਚਾਇਤ ਦੇ ਸਟਾਫ ਦਾ ਧੰਨਵਾਦ ਕੀਤਾ | ਇਸ ਮੌਕੇ ਸੈਨੇਟਰੀ ਇੰਚਾਰਜ ਬਚਿੱਤਰ ਸਿੰਘ, ਠੇਕੇਦਾਰ ਜਗਤਾਰ ਸਿੰਘ ਬਿੱਲਾ, ਗੋਲਡੀ ਗਾਰਮੈਂਟ ਵਾਲੇ, ਬਲਜੀਤ ਸਿੰਘ ਮੋਬਾਇਲਾਂ ਵਾਲੇ, ਬੱਬੂ ਬਿਆਸ, ਵਿਜੈ ਕੁਮਾਰ ਬੈਰਿੰਗਾਂ ਵਾਲੇ ਤੇ ਸੀਵਰਮੈਨ ਹਾਜ਼ਰ ਸਨ |