ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)-ਈਮੇਲ ਰਾਹੀਂ ਆਰ. ਡੀ. ਐੱਕਸ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਧਮਾਕਾ ਕਰਨ ਦੀ ਦੀ 5ਵੀਂ ਧਮਕੀ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਕੇਂਦਰੀ ਸੁਰੱਖਿਆ ਬਲਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਪੱਕੇ ਤੌਰ 'ਤੇ ਤਾਇਨਾਤ ਕਰਨ ਦੀ ਮੰਗ ਕੀਤੀ ਹੈ | ਸ: ਔਜਲਾ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਵਿਚ ਇਕ ਈਮੇਲ ਆਈ ਸੀ ਪਰ ਇਹ ਸਪੈਮ ਈਮੇਲ ਹੋਣ ਕਾਰਨ ਇਹ ਸਟਾਫ ਦੇ ਧਿਆਨ ਵਿਚ ਨਹੀਂ ਆਈ ਜਦੋਂ ਕਿ ਈਮੇਲ ਬਹੁਤ ਉਲਝਣ ਵਾਲੀ ਹੈ ਅਤੇ ਸਮਝਣ ਵਿਚ ਮੁਸ਼ਕਿਲ ਹੈ, ਪਰ ਜਦੋਂ ਸ੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਸ ਬਾਰੇ ਜਾਣਕਾਰੀ ਮਿਲੀ | ਸ: ਔਜਲਾ ਨੇ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਅਤੇ ਉਹ ਇਸ ਮੁੱਦੇ ਦਾ ਸਥਾਈ ਹੱਲ ਚਾਹੁੰਦੇ ਹਨ, ਜਿਸ ਕਾਰਨ ਉਨ੍ਹਾਂ ਨੇ ਅੱਜ ਗ੍ਰਹਿ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਮੁਲਾਕਾਤ ਨਹੀਂ ਹੋ ਸਕੀ ਤਾਂ ਉਨ੍ਹਾਂ ਨੇ ਇਸ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਮੰਗ ਕਰਦੇ ਹੋਏ ਇਕ ਪੱਤਰ ਲਿਖਿਆ |