ਛੇਹਰਟਾ,15 ਜੁਲਾਈ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੀ ਵਾਰਡ ਨੰਬਰ 66 ਦੇ ਕੌਂਸਲਰ ਤੇ ਸੀਨੀਅਰ ਆਪ ਆਗੂ ਵਿਰਾਟ ਦੇਵਗਨ ਵਲੋਂ ਇਲਾਕੇ ਵਿਚ ਸੀਵਰੇਜ਼ ਦੀਆਂ ਸਮੱਸਿਆਵਾਂ ਨੂੰ ਲੈ ਕੇ ਪਿੰਡ ਖਾਪੜਖੇੜੀ ਸਥਿਤ ਸੀਵਰੇਜ਼ ਟ੍ਰੀਟਮੈਂਟ ਪਲਾਂਟ (ਐੱਸ.ਟੀ.ਪੀ.) ਦਾ ਅਚਾਨਕ ਦੌਰਾ ਕੀਤਾ ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਪਲਾਂਟ ਦੀ ਸਮਰਥਾ ਐੱਮ.ਐੱਲ.ਡੀ. (ਮਿਲੀਅਨ ਲੀਟਰ ਪ੍ਰਤੀ ਦਿਨ) ਹੈ, ਪਰ ਮੌਕੇ 'ਤੇ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਦੀਆਂ ਜ਼ਿਆਦਾਤਰ ਮੋਟਰਾਂ ਬੰਦ ਪਈਆਂ ਸਨ, ਜਿਸ ਕਾਰਨ ਟ੍ਰੀਟਮੈਂਟ ਦੀ ਪ੍ਰਕਿਰਿਆ ਗੰਭੀਰ ਤਰੀਕੇ ਨਾਲ ਪ੍ਰਭਾਵਿਤ ਹੋ ਰਹੀ ਸੀ ਜਿਸ ਨੂੰ ਲੈ ਕੇ ਕੌਂਸਲਰ ਵਿਰਾਟ ਦੇਵਗਨ ਨੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਬੰਦ ਪਈਆਂ ਯੂਨਿਟਾਂ ਨੂੰ ਤੁਰੰਤ ਚਲਾਇਆ ਜਾਵੇ, ਤਾਂ ਜੋ ਗੰਦੇ ਪਾਣੀ ਦੇ ਅਣਟ੍ਰੀਟਡ ਬਹਾਅ ਨੂੰ ਰੋਕਿਆ ਜਾ ਸਕੇ ਅਤੇ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਉੱਤੇ ਕਾਬੂ ਪਾਇਆ ਜਾ ਸਕੇ | ਵਾਟਰ ਟ੍ਰੀਟਮੈਂਟ ਪਲਾਂਟ ਦੇ ਦੌਰੇ ਤੋਂ ਬਾਅਦ ਕੌਂਸਲਰ ਵਿਰਾਟ ਦੇਵਗਨ ਵਲੋਂ ਨਗਰ ਨਿਗਮ ਅੰਮਿ੍ਤਸਰ ਦੇ ਕਮਿਸ਼ਨਰ ਕੋਲ ਮੰਗ ਰੱਖੀ ਕਿ ਵਾਟਰ ਟਰੀਟਮੈਂਟ ਪਲਾਂਟ ਖਾਪੜਖੇੜੀ ਵਿਖੇ ਤੁਰੰਤ ਇੱਕ ਨੋਡਲ ਅਧਿਕਾਰੀ ਨਿਯੁਕਤ ਕੀਤਾ ਜਾਵੇ | ਕੌਂਸਲਰ ਵਿਰਾਟ ਦੇਵਗਨ ਨੇ ਕਿਹਾ ਕਿ ਇਹ ਕੇਵਲ ਸੀਵਰੇਜ ਦਾ ਮੁੱਦਾ ਨਹੀਂ, ਇਹ ਸਿਹਤ ਤੇ ਸਾਫ ਵਾਤਾਵਰਨ ਦੀ ਲੜਾਈ ਹੈ | ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਇਹ ਮੁੱਦਾ ਸਥਾਨਕ ਸਰਕਾਰ ਮੰਤਰੀ ਤੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਕੋਲ ਵੀ ਰੱਖਣਗੇ |