ਅੰਮਿ੍ਤਸਰ, 15 ਜੁਲਾਈ (ਹਰਮਿੰਦਰ ਸਿੰਘ)-ਸ਼ਹਿਰ ਦੀਆਂ ਮੁੱਖ ਸੜਕਾਂ ਦੀ ਨਿਗਰਾਨੀ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ 'ਚ ਸੜਕਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਜਿਸ ਦੌਰਾਨ ਸਿਹਤ ਅਧਿਕਾਰੀਆਂ ਨੇ ਦੱਸਿਆ ਗਿਆ ਕਿ ਮੁੱਖ ਸੜਕਾਂ ਦੇ ਆਲੇ ਦੁਆਲੇ ਖ਼ਾਲੀ ਪਲਾਟਾਂ 'ਚ ਪਏ ਕੂੜਾ ਕਰਕਟ, ਮਲਬਾ ਆਦਿ ਲਈ 649 ਚਲਾਨ ਜਾਰੀ ਕੀਤੇ ਗਏ ਹਨ ਅਤੇ ਨੋਟਿਸ ਵੀ ਦੇ ਦਿੱਤੇ ਗਏ ਹਨ ਅਤੇ ਇਸ ਸੰਬੰਧ 'ਚ ਵਿਭਾਗ ਵਲੋਂ ਇਹ ਕੂੜਾ ਕਰਕਟ ਅਤੇ ਮਲਬਾ ਆਪਣੇ ਪੱਧਰ 'ਤੇ ਚੁੱਕਿਆ ਜਾ ਰਿਹਾ ਹੈ ਅਤੇ ਇਸ 'ਤੇ ਆਉਣ ਵਾਲੇ ਖ਼ਰਚੇ ਦੀ ਭਰਪਾਈ ਲਈ ਪਲਾਟ ਮਾਲਕਾਂ ਨੂੰ ਜਲਦ ਹੀ ਬਿੱਲ ਜਾਰੀ ਕੀਤੇ ਜਾਣਗੇ | ਮੀਟਿੰਗ 'ਚ ਸੜਕਾਂ 'ਤੇ ਹੋਏ ਨਾਜਾਇਜ਼ ਕਬਜ਼ੇ, ਸੀਵਰੇਜ ਦੀ ਡਿਸਿਲਟਿੰਗ ਅਤੇ ਪੈਚ ਵਰਕ ਨੂੰ ਲੈ ਕੇ ਵੀ ਵਿਚਾਰ ਕੀਤਾ ਗਿਆ ਅਤੇ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਇਕ ਹਫ਼ਤੇ 'ਚ ਆਪਣੀ ਕਾਰਗੁਜ਼ਾਰੀ ਦੀ ਰਿਪੋਰਟ ਦੇਣ ਦੀ ਹਦਾਇਤ ਕੀਤੀ ਗਈ | ਕਮਿਸ਼ਨਰ ਔਲਖ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਦੀ ਸਾਂਭ ਸੰਭਾਲ ਲਈ ਚੱਲ ਰਹੇ ਕਾਰਜਾਂ ਦੀ ਉਹ ਖ਼ੁਦ ਨਿਗਰਾਨੀ ਕਰ ਰਹੇ ਹਨ, ਜਿਸ ਲਈ ਨਿਗਮ ਅਧਿਕਾਰੀਆਂ ਦੀਆਂ ਵੱਖ-ਵੱਖ ਸੜਕਾਂ ਦੇ ਵਿਕਾਸ ਲਈ ਡਿਊਟੀਆਂ ਲੱਗੀਆਂ ਹੋਈਆਂ ਹਨ ਅਤੇ ਉਹ ਇਸ ਸੰਬੰਧੀ ਪ੍ਰਗਤੀ ਰਿਪੋਰਟ ਜਾਣਨ ਲਈ ਹਫ਼ਤਾਵਾਰ ਮੀਟਿੰਗ ਕਰਦੇ ਹਨ ਅਤੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਹਨ ਕਿ ਉਹ ਹਰ ਸੜਕ ਦਾ ਨਿੱਜੀ ਨਿਰੀਖਣ ਕਰਕੇ ਜਿੱਥੇ ਵੀ ਸਿਵਲ ਦਾ ਜਾਂ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਕੰਮ ਹੋਣ ਵਾਲਾ ਹੈ, ਉਨ੍ਹਾਂ ਦੀ ਜਲਦ ਮੁਰੰਮਤ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਕਿ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਜਿੱਥੇ ਵੀ ਮਲਬੇ ਦੇ ਢੇਰ ਹਨ ਉਨ੍ਹਾਂ ਨੂੰ ਸਾਫ਼ ਕੀਤਾ ਜਾਵੇ, ਇਸ ਤੋਂ ਇਲਾਵਾ ਅਸਟੇਟ ਅਫ਼ਸਰ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਨਾਜਾਇਜ਼ ਕਬਜ਼ਿਆਂ ਦੇ ਖ਼ਿਲਾਫ਼ ਮੁਹਿੰਮ ਚਲਾਈ ਜਾਵੇ | ਉਨ੍ਹਾਂ ਕਿਹਾ ਕਿ ਜੋ ਸੜਕਾਂ ਲੋਕ ਨਿਰਮਾਣ ਵਿਭਾਗ ਅਧੀਨ ਆਉਂਦੀਆਂ ਹਨ ਉਨ੍ਹਾਂ ਦੇ ਵਿਕਾਸ ਲਈ ਵੀ ਉਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਅਤੇ ਉਨ੍ਹਾਂ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਵਿਭਾਗ ਵਲੋਂ ਕੰਮਾਂ ਦੀ ਮਨਜ਼ੂਰੀ ਆਉਣ 'ਤੇ ਇਹ ਕੰਮ ਕਰਵਾ ਦਿੱਤੇ ਜਾਣਗੇ | ਸੀਵਰੇਜ ਦੀ ਨਿਕਾਸੀ ਦੇ ਸੰਬੰਧ ਵਿਚ ਸੁਪਰ ਸੱਕਰ ਮਸ਼ੀਨ ਰਾਹੀਂ ਜੋ ਕੰਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਿਹਾ ਹੈ ਦੇ ਸੰਬੰਧ ਵਿਚ ਸੰਯੁਕਤ ਕਮਿਸ਼ਨਰ ਦੀ ਡਿਊਟੀ ਲਗਾ ਦਿੱਤੀ ਗਈ ਹੈ ਕਿ ਉਹ ਇਹ ਕੰਮ ਆਪਣੀ ਨਿਗਰਾਨੀ ਵਿਚ ਜਲਦ ਤੋਂ ਜਲਦ ਮੁਕੰਮਲ ਕਰਵਾਉਣਗੇ | ਇਸ ਮੌਕੇ ਸੰਯੁਕਤ ਕਮਿਸ਼ਨਰ ਜੈ ਇੰਦਰ ਸਿੰਘ, ਨਿਗਰਾਨ ਇੰਜੀਨੀਅਰ ਸੰਦੀਪ ਸਿੰਘ, ਕਾਰਜਕਾਰੀ ਇੰਜੀਨੀਅਰ ਭਲਿੰਦਰ ਸਿੰਘ, ਮਨਜੀਤ ਸਿੰਘ, ਐੱਸ. ਪੀ. ਸਿੰਘ, ਸਵਰਾਜ ਇੰਦਰ ਸਿੰਘ, ਸਿਹਤ ਅਫ਼ਸਰ ਡਾ: ਕਿਰਨ, ਡਾ: ਯੋਗੇਸ਼ ਅਰੋੜਾ, ਡਾ: ਰਮਾ, ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਸ਼ਾਮਿਲ ਸਨ |
ਨਿਗਮ ਕਮਿਸ਼ਨਰ ਨੇ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਸਾਂਭ ਸੰਭਾਲ ਸੰਬੰਧੀ ਅਧਿਕਾਰੀਆਂ ਨਾਲ ਬੈਠਕ ਕਰ ਕੇ ਕੀਤੀਆਂ ਹਦਾਇਤਾਂ
ਅਜੀਤ ਡੈਸਕ
16-07-2025