ਅੰਮਿ੍ਤਸਰ, 15 ਜੁਲਾਈ (ਰੇਸ਼ਮ ਸਿੰਘ)-ਸ੍ਰੀ ਦਰਬਾਰ ਸਾਹਿਬ ਸਮੂਹ 'ਚ ਬਿਨ੍ਹਾਂ ਕਿਸੇ ਇਜਾਜ਼ਤ ਦੇ ਨਿੱਜੀ ਗਾਈਡ ਵਜੋਂ ਘੁੰਮਦੇ ਤੇ ਸੰਗਤਾਂ ਕੋਲੋਂ ਪੈਸੇ ਠੱਗਦੇ ਵਿਅਕਤੀ ਖ਼ਿਲਾਫ਼ ਸ਼੍ਰੋਮਣੀ ਕਮੇਟੀ ਨੇ ਪਰਚਾ ਦਰਜ ਕਰਵਾਇਆ ਹੈ | ਸ੍ਰੀ ਦਰਬਾਰ ਸਾਹਿਬ ਵਿਖੇ ਪਰਿਕਰਮਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਡਿਉੂਟੀ ਦੌਰਾਨ ਉਸ ਦੇ ਧਿਆਨ 'ਚ ਆਇਆ ਕਿ ਗੁਰਿੰਦਰ ਸਿੰਘ ਵਾਸੀ ਪਿੰਡ ਖਾਨਕੋਟ ਜੋ ਕਿ ਅਕਸਰ ਹੀ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਘੁੰਮਦਾ ਰਹਿੰਦਾ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੇ ਸੰਗਤਾਂ ਨੂੰ ਭਰੋਸੇ 'ਚ ਲੈ ਕੇ ਅਧੂਰੀ ਜਾਣਕਾਰੀ ਦੇ ਕੇ ਸਿੱਖ ਇਤਿਹਾਸ ਤੋਂ ਗੁੰਮਰਾਹ ਕਰਦਾ ਹੈ | ਜਦੋਂ ਕਿ ਉਸਨੂੰ ਬਤੌਰ ਗਾਈਡ ਕਿਸੇ ਤਰ੍ਹਾਂ ਵੀ ਅਧਿਕਾਰਿਤ ਨਹੀਂ ਕੀਤਾ ਗਿਆ ਤੇ ਇਸ ਦੇ ਬਦਲੇ ਉਹ ਸੰਗਤਾਂ ਤੋਂ ਮੋਟੀ ਰਕਮ ਲੈ ਕੇ ਠੱਗੀ ਵੀ ਮਾਰਦਾ ਹੈ | ਜਦੋਂ ਕਿ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਗਾਈਡ ਲਗਾਏ ਹੋਏ ਹਨ ਜੋ ਸੰਗਤਾਂ ਨੂੰ ਇਤਿਹਾਸ ਤੋਂ ਜਾਣੂੰ ਕਰਵਾਉਂਦੇ ਹਨ | ਇਸ ਤਰ੍ਹਾਂ ਗੁਰਿੰਦਰ ਸਿੰਘ ਵਲੋਂ ਅਜਿਹਾ ਕਰਕੇ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਪਿੁਲਸ ਵਲੋਂ ਥਾਣਾ ਕੋਤਵਾਲੀ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |